ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਵਿਚ ਜ਼ਿਲ੍ਹਾ ਪੁਲਿਸ ਮੁਖੀ ਦੇ ਨਾਂਅ ਐੱਸ.ਪੀ. (ਐੱਚ) ਹਰਕਮਲ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿਚ ਮੁੱਖ ਮੰਤਰੀ ਵਲੋਂ ਪਿਛਲੇ ਦਿਨੀਂ ਦਿੱਤੇ ਬਿਆਨ ਨੂੰ ਲੈ ਕੇ ਭਾਜਪਾ ਵਲੋਂ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ | ਇਸ ਉਪਰੰਤ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਵਿਚ ਪਿਛਲੇ ਦਿਨੀਂ ਹੋਏ ਬੰਬ ਧਮਾਕਿਆਂ ਦਾ ਦੋਸ਼ ਭਾਰਤੀ ਜਨਤਾ ਪਾਰਟੀ ਉਪਰ ਲਗਾਉਣ ਨੂੰ ਬੇਹੱਦ ਸ਼ਰਮਨਾਕ, ਗੈਰ-ਜ਼ਿੰਮੇਵਾਰਾਨਾ ਅਤੇ ਆਪਣੀ ਨਾਕਾਮੀ ਨੂੰ ਲੁਕਾਉਣ ਦੀ ਘਟੀਆ ਸਿਆਸੀ ਕੋਸ਼ਿਸ਼ ਕਰਾਰ ਦਿੱਤਾ ਹੈ | ਸਤੀਸ਼ ਅਸੀਜਾ ਨੇ ਕਿਹਾ ਕਿ ਜਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਨਾਕਾਮੀ ਕਾਰਨ ਲੋਕਾਂ ਦੇ ਸਵਾਲਾਂ ਦੇ ਘੇਰੇ ਵਿਚ ਆਉਂਦੀ ਹੈ ਤਾਂ ਮੁੱਖ ਮੰਤਰੀ ਬਿਨਾਂ ਕਿਸੇ ਸਬੂਤ ਦੇ ਭਾਜਪਾ ਉਪਰ ਝੂਠੇ ਤੇ ਬੇਬੁਨਿਆਦ ਦੋਸ਼ ਲਗਾ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਡਿੱਗ ਚੁੱਕੀ ਹੈ ਅਤੇ ਮੁੱਖ ਮੰਤਰੀ ਸਿਰਫ਼ ਡਰਾਮੇਬਾਜ਼ੀ ਤੇ ਝੂਠੀ ਬਿਆਨਬਾਜ਼ੀ ਕਰਨ ਵਿਚ ਲੱਗੇ ਹੋਏ ਹਨ | ਹਰ ਰੋਜ਼ ਗੋਲੀਆਂ ਚੱਲ ਰਹੀਆਂ ਹਨ, ਗੈਂਗਸਟਰਾਂ ਦੇ ਹੌਂਸਲੇ ਬੁਲੰਦ ਹਨ, ਨਸ਼ਾ ਮਾਫੀਆ ਬੇਖ਼ੌਫ਼ ਘੁੰਮ ਰਿਹਾ ਹੈ ਅਤੇ ਬੰਬ ਧਮਾਕਿਆਂ ਵਰਗੀਆਂ ਘਟਨਾਵਾਂ ਪੰਜਾਬ ਦੀ ਸ਼ਾਂਤੀ ਨੂੰ ਤਬਾਹ ਕਰ ਰਹੀਆਂ ਹਨ, ਪਰ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਇਨ੍ਹਾਂ ਘਟਨਾਵਾਂ ਨੂੰ ਰੋਕਣ ਦੀ ਬਜਾਏ ਆਪਣੀ ਨਾਕਾਮੀ ਦਾ ਠੀਕਰਾ ਵਿਰੋਧੀ ਪਾਰਟੀਆਂ ਉਪਰ ਭੰਨ ਰਹੇ ਹਨ | ਸ੍ਰੀ ਅਸੀਜਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਕ ਰਾਸ਼ਟਰਵਾਦੀ ਤੇ ਦੇਸ਼ ਭਗਤ ਪਾਰਟੀ ਹੈ, ਜਿਸ ਨੇ ਹਮੇਸ਼ਾ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਲਈ ਕੁਰਬਾਨੀਆਂ ਦਿੱਤੀਆਂ ਹਨ | ਭਾਜਪਾ ਉਪਰ ਇਸ ਤਰ੍ਹਾਂ ਦੇ ਦੋਸ਼ ਲਗਾ ਕੇ ਮੁੱਖ ਮੰਤਰੀ ਨੇ ਨਾ ਸਿਰਫ਼ ਭਾਜਪਾ ਵਰਕਰਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਸਗੋਂ ਪੰਜਾਬ ਦੇ ਲੋਕਾਂ ਦੀ ਬੁੱਧੀ ਦਾ ਵੀ ਅਪਮਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਦੀ ਅਸਲ ਸੱਚਾਈ ਨੂੰ ਸਮਝ ਚੁੱਕੇ ਹਨ | ਸ੍ਰੀ ਅਸੀਜਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸ਼ਾਂਤੀ, ਤਰੱਕੀ ਤੇ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਡਟ ਕੇ ਖੜ੍ਹੀ ਰਹੇਗੀ | ਇਸ ਮੌਕੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਠੇਲਾ, ਕਿਸਾਨ ਮੋਰਚੇ ਦੇ ਸੂਬਾ ਜਨਰਲ ਸਕੱਤਰ ਗੁਰਚਰਨ ਸਿੰਘ ਸੰਧੂ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਕਟਾਰੀਆ, ਵਪਾਰ ਸੈੱਲ ਦੇ ਚੇਅਰਮੈਨ ਅਸ਼ਵਨੀ ਗਿਰਧਰ, ਪੁਸ਼ਪਿੰਦਰ ਸਿੰਘ ਭੰਡਾਰੀ, ਰਾਜ ਕੁਮਾਰ ਮੇਲੂ ਭਟੇਜਾ, ਰਜਿੰਦਰ ਕੁਮਾਰ, ਬਿੱਲੂ ਕਟਾਰੀਆ, ਅਨੁਰਾਗ ਸ਼ਰਮਾ, ਅਭੀ ਜਲਹੋਤਰਾ, ਪਰਮਿੰਦਰ ਸਿੰਘ ਪਾਸ਼ਾ ਆਦਿ ਹਾਜ਼ਰ ਸਨ |