11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਗਰ ਕੌਂਸਲ ਦੀਆਂ ਪਾਣੀ ਦੇ ਛਿੜਕਾਅ ਵਾਲੀਆਂ ਦੋਵੇਂ ਟੈਂਕੀਆਂ ਨਕਾਰਾ

ਅਜੀਤ ਡੈਸਕ 12-05-2026
ਗਿੱਦੜਬਾਹਾ, 11 ਮਈ (ਪਰਮਜੀਤ ਸਿੰਘ ਥੇੜ੍ਹੀ)-ਸ਼ਹਿਰ ਵਿਚ ਚੱਲ ਰਹੇ ਵਿਕਾਸ ਤੇ ਨਿਰਮਾਣ ਕਾਰਜਾਂ ਕਾਰਨ ਉਡ ਰਹੀ ਧੂੜ ਨੇ ਜਿੱਥੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵੱਡਾ ਵਾਧਾ ਕਰ ਦਿੱਤਾ ਹੈ | ਲੋਕਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਉਨ੍ਹਾਂ ਨਾਲ ਇਹ ਧੂੜ ਵਿਤਕਰਾ ਕਰ ਰਹੀ ਹੈ ਜਾਂ ਫ਼ਿਰ ਲੀਡਰ ਤੇ ਅਧਿਕਾਰੀ ਏਅਰ ਕੰਡੀਸ਼ਨ ਦਫ਼ਤਰਾਂ ਅਤੇ ਗੱਡੀਆਂ ਤੱਕ ਹੀ ਸੀਮਿਤ ਹੋ ਕੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਬੇਖ਼ਬਰ ਹੋ ਚੁੱਕੇ ਹਨ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸੀਵਰੇਜ ਲਾਈਨਾਂ, ਪਾਣੀ ਦੀ ਪਾਈਪ ਲਾਈਨ ਅਤੇ ਹੋਰ ਵਿਕਾਸ ਕਾਰਜਾਂ ਲਈ ਪੁੱਟੀਆਂ ਗਲੀਆਂ ਤੇ ਸੜਕਾਂ ਤੋਂ ਦਿਨ ਭਰ ਧੂੜ ਦੇ ਗੁਬਾਰ ਉਡ ਰਹੇ ਹਨ | ਵੱਡੀ ਗੱਲ ਇਹ ਹੈ ਕਿ ਨਗਰ ਕੌਂਸਲ ਕੋਲ ਪਾਣੀ ਦੇ ਛਿੜਕਾਅ ਲਈ ਮੌਜੂਦ ਦੋਵੇਂ ਟੈਂਕੀਆਂ ਕਾਫ਼ੀ ਸਮੇਂ ਤੋਂ ਨਕਾਰਾ ਪਈਆਂ ਹਨ, ਜਿਸ ਕਾਰਨ ਸਾਰਾ ਦਿਨ ਉਡਦੀ ਧੂੜ 'ਤੇ ਕਾਬੂ ਕਰਨ ਲਈ ਕੋਈ ਢੰਗ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ | ਇਸ ਕਾਰਨ ਰਾਹਗੀਰਾਂ ਨੂੰ ਤੁਰਨਾ ਵੀ ਮੁਸ਼ਕਿਲ ਹੋ ਰਿਹਾ ਹੈ | ਦੋਪਹੀਆ ਵਾਹਨ ਚਾਲਕਾਂ ਨੂੰ ਧੂੜ ਕਾਰਨ ਅੱਖਾਂ ਤੇ ਸਾਹ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਡਦੀ ਧੂੜ ਕਾਰਨ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਦੀ ਸਫ਼ਾਈ ਦਿਨ ਵਿਚ ਕਈ-ਕਈ ਵਾਰ ਕਰਨੀ ਪੈਂਦੀ ਹੈ ਅਤੇ ਨਾਲ ਹੀ ਉਨ੍ਹਾਂ ਦੇ ਕਾਰੋਬਾਰ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ | ਗਰਮੀ ਦਾ ਮੌਸਮ ਹੋਣ ਅਤੇ ਉਪਰੋਂ ਲਗਾਤਾਰ ਉਡਦੀ ਧੂੜ ਕਾਰਨ ਬੱਚਿਆਂ, ਬਜ਼ੁਰਗਾਂ ਤੇ ਦਮਾ ਜਾਂ ਐਲਰਜੀ ਦੇ ਮਰੀਜ਼ਾਂ ਲਈ ਹਾਲਾਤ ਬਹੁਤ ਪ੍ਰੇਸ਼ਾਨੀ ਵਾਲੇ ਬਣ ਗਏ ਹਨ | ਸੰਬੰਧਿਤ ਵਿਭਾਗ ਨੂੰ ਜਿੱਥੇ ਇਸ ਸਮੱਸਿਆ ਦੇ ਅਗਾਊਾ ਆਉਣ ਬਾਰੇ ਪਹਿਲਾ ਪਤਾ ਹੋਣ ਦੇ ਬਾਵਜੂਦ ਵੀ ਪਾਣੀ ਵਾਲੀਆਂ ਟੈਂਕੀਆਂ ਦਾ ਸਮੇਂ ਸਿਰ ਪ੍ਰਬੰਧ ਨਾ ਕਰਨਾ ਕਿਤੇ ਨਾ ਕਿਤੇ ਅਧਿਕਾਰੀਆਂ ਦੀ ਲਾਪ੍ਰਵਾਹੀ ਨੂੰ ਦਰਸਾਉਂਦਾ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਤੁਰੰਤ ਨਕਾਰਾ ਪਈਆਂ ਟੈਂਕੀਆਂ ਦੀ ਮੁਰੰਮਤ ਕਰਵਾਏ ਜਾਂ ਨਵੀਆਂ ਟੈਂਕੀਆਂ ਦਾ ਪ੍ਰਬੰਧ ਕਰੇ, ਤਾਂ ਜੋ ਨਿਰਮਾਣ ਕਾਰਜਾਂ ਵਾਲੇ ਇਲਾਕਿਆਂ ਵਿਚ ਨਿਯਮਿਤ ਤੌਰ 'ਤੇ ਪਾਣੀ ਦਾ ਛਿੜਕਾਅ ਕੀਤਾ ਜਾ ਸਕੇ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸਿਹਤ ਸੰਬੰਧੀ ਸਮੱਸਿਆਵਾਂ ਹੋਰ ਗੰਭੀਰ ਰੂਪ ਧਾਰ ਸਕਦੀਆਂ ਹਨ | ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਨੇ ਕਿਹਾ ਕਿ ਪਾਣੀ ਦੇ ਛਿੜਕਾਅ ਲਈ ਨਵੀਂ ਟੈਂਕੀ ਖ਼ਰੀਦ ਕਰਨ ਲਈ ਐਸਟੀਮੇਟ ਤਿਆਰ ਕੀਤੇ ਗਏ ਹਨ, ਜਿਨ੍ਹਾਂ ਦੇ ਟੈਂਡਰ ਲਗਾਏ ਜਾਣੇ ਹਨ ਪ੍ਰੰਤੂ ਇਹ ਟੈਂਡਰ ਜੇ.ਈ. ਦਾ ਤਬਾਦਲਾ ਹੋਣ ਕਾਰਨ ਨਹੀਂ ਲਗਾਏ ਗਏ ਸਕੇ, ਇਸ ਕਾਰਨ ਉਹ ਟੈਂਡਰਾਂ ਲਗਾਉਣ ਬਾਰੇ ਅਜੇ ਕੋਈ ਸਮਾਂ ਨਹੀਂ ਦੱਸ ਸਕਦੇ | ਜਿੱਥੋਂ ਤੱਕ ਨਕਾਰਾ ਹੋ ਚੁੱਕੀਆਂ ਟੈਂਕੀਆ ਦਾ ਸਵਾਲ ਹੈ, ਉਨ੍ਹਾਂ ਦੀ ਰਿਪੇਅਰ ਦੇ ਐਸਟੀਮੇਟ ਲੈ ਕੇ ਅਜੇ ਉਨ੍ਹਾਂ ਪਾਸ ਕੋਈ ਨਹੀਂ ਆਇਆ, ਜਿਸ ਨੂੰ ਚੈਕ ਕਰਵਾ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪ੍ਰੋਜੈਕਟ ਦੇ ਕੰਮ ਚੱਲ ਰਹੇ ਹਨ, ਜੋ ਸੀਵਰੇਜ ਬੋਰਡ ਦੇ ਅਧੀਨ ਹਨ ਅਤੇ ਠੇਕੇਦਾਰ ਵਲੋਂ ਪਾਇਪ ਪਾ ਕੇ ਸੜਕ ਦੀ ਰਿਪੇਅਰ ਕਰਕੇ ਦੇਣਾ ਐਸਟੀਮੇਟ ਵਿਚ ਸ਼ਾਮਿਲ ਹੈ, ਜਿਸ ਨੂੰ ਨਾ ਤਾਂ ਸੀਵਰੇਜ ਬੋਰਡ ਵਲੋਂ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਸੰਬੰਧਿਤ ਠੇਕੇਦਾਰ ਵਲੋਂ | ਜਿੱਥੋਂ ਤੱਕ ਪਾਣੀ ਦੇ ਛਿੜਕਾਅ ਦਾ ਸੰਬੰਧ ਹੈ, ਜੇਕਰ ਠੇਕੇਦਾਰ ਰਿਪੇਅਰ ਨਹੀਂ ਕਰੇਗਾ ਤਾਂ ਉਸ ਦਾ ਪਾਣੀ ਤਾਂ ਛਿੜਕਣਾ ਬਣਦਾ ਹੀ ਹੈ |
ਪਿਛਲੀ ਖ਼ਬਰ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੂੰ ਪੁਲਿਸ ਨੇ ਮੁੱਖ ਮੰਤਰੀ ਕੋਲ ਜਾਣ ਤੋਂ ਰੋਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।