11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 12-05-2026
ਸ੍ਰੀ ਮੁਕਤਸਰ ਸਾਹਿਬ/ਦੋਦਾ, 11 ਮਈ (ਰਣਜੀਤ ਸਿੰਘ ਢਿੱਲੋਂ, ਰਵੀਪਾਲ)-ਨਿਰੋਲ ਸੇਵਾ ਆਰਗੇਨਾਈਜੇਸ਼ਨ ਸ੍ਰੀ ਮੁਕਤਸਰ ਸਾਹਿਬ ਵਲੋਂ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਸਨਮਾਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੱਲਣ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਣ, ਫਤਿਹ ਗਲੋਬਲ ਪਬਲਿਕ ਸਕੂਲ ਮੱਲਣ, ਨਿਊ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਮੱਲਣ, ਅਕਾਲ ਪਬਲਿਕ ਸਕੂਲ ਮੱਲਣ ਦੇ ਵਿਦਿਆਰਥੀਆਂ ਨੂੰ ਨਿਰੋਲ ਸੇਵਾ ਸੰਸਥਾ ਦੇ ਮੁਖੀ ਡਾ. ਜਗਦੀਪ ਸਿੰਘ ਸੋਢੀ, ਬਾਬਾ ਬਚਨ ਸਿੰਘ ਤੇ ਹੋਰ ਪਤਵੰਤੇ ਵਿਅਕਤੀਆਂ ਵਲੋਂ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਬੋਲਦਿਆਂ ਦਮਦਮੀ ਟਕਸਾਲ ਦੇ ਗ੍ਰੰਥੀ ਭਾਈ ਬਚਨ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਇਹ ਵਧੀਆ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਸਭ ਨੂੰ ਜਪੁਜੀ ਸਾਹਿਬ ਸ਼ੁੱਧ ਕੰਠ ਕਰਨਾ ਚਾਹੀਦਾ ਹੈ | ਇਹ ਬ੍ਰਹਮ ਗਿਆਨ ਦਾ ਸੋਮਾ ਹੈ | ਪੰਜ ਬਾਣੀਆਂ ਵਿਚ ਸਭ ਤੋਂ ਪਹਿਲਾਂ ਜਪੁਜੀ ਸਾਹਿਬ ਦੀ ਬਾਣੀ ਆਉਂਦੀ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਦਾ ਸਮਾਂ ਦੁਬਾਰਾ ਨਹੀਂ ਮਿਲਦਾ ਅਤੇ ਜੀਵਨ ਨੂੰ ਚੰਗੇ ਪਾਸੇ ਲੈ ਕੇ ਜਾਣ ਲਈ ਵਿਦਿਆਰਥੀ ਜੀਵਨ ਬਹੁਤ ਵੱਡਾ ਮੌਕਾ ਹੁੰਦਾ ਹੈ | ਇਸ ਸਮੇਂ ਬਾਣੀ ਨਾਲ ਜੁੜ ਕੇ ਚੰਗੇ ਗੁਣ ਗ੍ਰਹਿਣ ਕਰਕੇ, ਮਾਤਾ-ਪਿਤਾ ਦੇ ਆਗਿਆਕਾਰੀ ਬਣ ਕੇ ਅਧਿਆਪਕਾਂ ਸਮੇਤ ਸਭ ਦਾ ਸਤਿਕਾਰ ਕਰਕੇ ਆਪਣੇ ਭਵਿੱਖ ਨੂੰ ਚੰਗਾ ਬਣਾਇਆ ਜਾ ਸਕਦਾ ਹੈ | ਇਸ ਮੌਕੇ ਡਾ. ਜਗਦੀਪ ਸਿੰਘ ਸੋਢੀ ਨੇ ਬੋਲਦਿਆਂ ਕਿਹਾ ਕਿ ਸੰਸਥਾ ਵਲੋਂ ਇਹ ਉਪਰਾਲਾ ਜਾਰੀ ਰਹੇਗਾ ਅਤੇ ਅੱਗੇ ਤੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ 13-13 ਬੱਚਿਆਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ | ਜੂਨ ਦੀਆਂ ਛੁੱਟੀਆਂ ਤੋਂ ਬਾਅਦ ਸਕੂਲਾਂ ਵਿਚ ਅਗਲੇ ਮੁਕਾਬਲਿਆਂ ਦੀ ਤਿਆਰੀ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਹਵਾ, ਪਾਣੀ ਤੇ ਧਰਤੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਭ ਨੂੰ ਉਪਰਾਲੇ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਗੁਰਬਾਣੀ ਜੀਵਨ ਜਾਂਚ ਸਿਖਾਉਂਦੀ ਹੈ | ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਤੇ ਰਜਿਸਟਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਕਤ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਲੋਂ ਜਪੁਜੀ ਸਾਹਿਬ ਤੇ ਗੁਰਬਾਣੀ ਕੰਠ ਮੁਕਾਬਲੇ ਵਿਚ ਹਿੱਸਾ ਲੈਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਅਤੇ ਸਹਿਯੋਗ ਦਿੱਤਾ | ਅੰਤ ਵਿਚ ਪ੍ਰਬੰਧਕ ਜਗਦੀਪ ਸਿੰਘ ਸੋਢੀ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਸ਼ੀਤਲ ਜਲ ਸੇਵਾ ਸੰਮਤੀ ਵਲੋਂ ਅੱਖਾਂ ਦਾ ਜਾਂਚ ਕੈਂਪ <br/> ਅਗਲੀ ਖ਼ਬਰ ਨਗਰ ਕੌਂਸਲ ਦੀਆਂ ਪਾਣੀ ਦੇ ਛਿੜਕਾਅ ਵਾਲੀਆਂ ਦੋਵੇਂ ਟੈਂਕੀਆਂ ਨਕਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।