ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕਮ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਡੈਵੀ ਗੋਇਲ ਵਲੋਂ ਮਿਲੀ ਸੂਚਨਾ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਤਿੰਨ ਨਗਰ ਕੌਂਸਲਾਂ ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਗਿੱਦੜਬਾਹਾ ਵਲੋਂ ਦਾਖ਼ਲ ਕੀਤੇ ਕਾਗ਼ਜ਼ਾਂ ਦੀ ਪੜਤਾਲ ਕੀਤੀ ਗਈ | ਪੜਤਾਲ ਉਪਰੰਤ ਸਹੀ ਤੇ ਰੱਦ ਹੋਈਆਂ ਨੌਮੀਨੇਸ਼ਨਾਂ ਅਨੁਸਾਰ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਕੁੱਲ 31 ਵਾਰਡਾਂ ਲਈ 209 ਨੌਮੀਨੇਸ਼ਨ ਪ੍ਰਾਪਤ ਹੋਈਆਂ, ਜਿਸ ਵਿਚੋਂ ਆਜ਼ਾਦ ਉਮੀਦਵਾਰਾਂ ਸਮੇਤ 18 ਨੌਮੀਨੇਸ਼ਨਾਂ ਰੱਦ ਹੋਈਆਂ ਅਤੇ 191 ਸਹੀ ਪਾਈਆਂ ਗਈਆਂ | ਇਸ ਤਰ੍ਹਾਂ ਹੀ ਮਲੋਟ ਦੇ 27 ਵਾਰਡਾਂ ਵਿਚ ਕੁੱਲ 162 ਉਮੀਦਵਾਰਾਂ ਦੇ ਕਾਗ਼ਜ਼ ਦਾਖ਼ਲ ਹੋਏ, ਜਿਸ ਵਿਚੋਂ ਦੋ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਅਤੇ 160 ਨੌਮੀਨੇਸ਼ਨਾਂ ਸਹੀ ਪਾਈਆਂ ਗਈਆਂ | ਇਸ ਤਰ੍ਹਾਂ ਹੀ ਗਿੱਦੜਬਾਹਾ ਨਗਰ ਕੌਂਸਲ ਦੇ 19 ਵਾਰਡਾਂ ਲਈ ਉਮੀਦਵਾਰਾਂ ਦੀਆਂ 86 ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਵਿਚੋਂ ਇਕ ਰੱਦ ਅਤੇ 85 ਨੋਮੀਨੇਸ਼ਨਾਂ ਸਹੀ ਪਾਈਆਂ ਗਈਆਂ | ਇਸ ਤਰ੍ਹਾਂ ਜ਼ਿਲ੍ਹੇ ਦੇ ਕੁੱਲ 77 ਵਾਰਡਾਂ ਵਿਚੋਂ ਕੁੱਲ 457 ਉਮੀਦਵਾਰਾਂ ਨੇ ਕਾਗ਼ਜ਼ ਦਾਖ਼ਲ ਕੀਤੇ, ਜਿਨ੍ਹਾਂ ਵਿਚੋਂ 21 ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਅਤੇ 436 ਉਮੀਦਵਾਰਾਂ ਦੇ ਕਾਗ਼ਜ਼ ਸਹੀ ਪਾਏ ਗਏ | ਨਗਰ ਕੌਂਸਲ ਚੋਣਾਂ ਲਈ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਿਆ ਹੈ | ਕਹਿਰ ਦੀ ਗਰਮੀ ਦੌਰਾਨ ਉਮੀਦਵਾਰਾਂ ਵਲੋਂ ਵੋਟਰਾਂ ਨਾਲ ਸੰਪਰਕ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ | ਆਪਣੀ-ਆਪਣੀ ਜਿੱਤ ਲਈ ਉਮੀਦਵਾਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ |