ਸ੍ਰੀ ਮੁਕਤਸਰ ਸਾਹਿਬ, 10 ਜੂਨ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਹਾਈ ਸਕੂਲ ਨੂਰਪੁਰ ਕਿ੍ਪਾਲਕੇ ਦੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਵਿੱਦਿਅਕ ਪ੍ਰਾਪਤੀਆਂ ਦੀ ਹੈਟਿ੍ਕ ਲਗਾ ਦਿੱਤੀ ਗਈ ਹੈ | ਹਾਲ ਹੀ ਵਿਚ ਦਸਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਵਿਚੋਂ ਇਸ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਜ਼ਿਲ੍ਹੇ ਭਰ ਵਿਚ ਦੂਜਾ ਅਤੇ ਨੌਵਾਂ ਸਥਾਨ ਹਾਸਿਲ ਕਰਕੇ ਆਪਣੀ ਕਾਬਲੀਅਤ ਸਿੱਧ ਕੀਤੀ | ਇਨ੍ਹਾਂ ਵਿਦਿਆਰਥਣਾਂ ਵਿਚੋਂ ਰਵਨੀਤ ਕੌਰ ਨੇ ਮੈਟਿ੍ਕ ਪ੍ਰੀਖਿਆ ਵਿਚ ਪੰਜਾਬ ਭਰ ਵਿਚ ਆਪਣਾ ਨਾਂਅ ਦਰਜ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਨਾਂਅ ਰੋਸ਼ਨ ਕੀਤਾ ਅਤੇ ਹੁਣ ਸਹਿਜਪ੍ਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਵਾਸੀ ਖੱਪਿਆਂਵਾਲੀ ਨੇ ਪੀ.ਐਸ.ਟੀ.ਐਸ.ਈ.ਦੀ ਵਜ਼ੀਫ਼ਾ ਪ੍ਰੀਖਿਆ ਵਿਚ 136 ਅੰਕ ਹਾਸਿਲ ਕਰਦਿਆਂ ਸੂਬੇ ਭਰ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ | ਇਸ ਮਾਣਮੱਤੀ ਪ੍ਰਾਪਤੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਸਕੂਲ ਮੁਖੀ ਕਮਲਜੀਤ ਕੌਰ ਨੇ ਦੱਸਿਆ ਕਿ ਨਵਜੋਤ ਕੌਰ ਨੇ ਵੀ ਵਜ਼ੀਫਾ ਪ੍ਰੀਖਿਆ ਵਿਚ 113 ਅੰਕ ਪ੍ਰਾਪਤ ਕਰਕੇ ਚੰਗੀ ਪੁਜ਼ੀਸ਼ਨ ਹਾਸਿਲ ਕੀਤੀ ਹੈ | ਇਨ੍ਹਾਂ ਵਿਦਿਆਰਥੀਆਂ ਦੇ ਗਾਈਡ ਸਾਇੰਸ ਅਧਿਆਪਕਾ ਰਮਨਿੰਦਰ ਕੌਰ ਨੇ ਦੱਸਿਆ ਕਿ ਮੈਟਿ੍ਕ ਦੇ ਸਾਲਾਨਾ ਨਤੀਜਿਆਂ ਵਿਚ ਪੰਜਾਬ ਦੀ ਮੈਰਿਟ ਸੂਚੀ ਵਿਚ ਸ਼ਾਮਿਲ ਅਤੇ ਜ਼ਿਲ੍ਹੇ ਭਰ ਵਿਚੋਂ ਦੂਜਾ ਸਥਾਨ ਹਾਸਿਲ ਕਰਨ ਵਾਲੀ ਰਵਨੀਤ ਕੌਰ ਪਹਿਲਾਂ ਹੀ ਅੱਠਵੀਂ ਜਮਾਤ ਦਾ ਐਨ.ਐਮ.ਐਮ.ਐਸ. ਸਕੀਮ ਦਾ ਵਜ਼ੀਫਾ ਲੈ ਰਹੀ ਹੈ | ਇਸ ਵਾਰ ਸਹਿਜਪ੍ਰੀਤ ਕੌਰ ਨੇ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਵਜ਼ੀਫਾ ਪ੍ਰੀਖਿਆ ਵਿਚ ਸੂਬੇ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਭਵਿੱਖ ਵਿਚ ਹੋਰ ਪ੍ਰਾਪਤੀਆਂ ਕਰਨ ਦਾ ਮੁੱਢ ਬੰਨ੍ਹ ਦਿੱਤਾ ਹੈ | ਸਕੂਲ ਅਧਿਆਪਕਾਂ ਰਾਜੇਸ਼ ਬਾਂਸਲ, ਮਨਜੀਤ ਸਿੰਘ ਸੰਧੂ ਅਤੇ ਰਿਪਨ ਚੋਪੜਾ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਵਲੋਂ ਮੈਟਿ੍ਕ, ਮੈਰੀਟੋਰੀਅਸ ਅਤੇ ਵਜ਼ੀਫਾ ਪ੍ਰੀਖਿਆ ਵਿਚ ਸਫਲਤਾ ਪ੍ਰਾਪਤ ਕਰਕੇ ਵਿੱਦਿਅਕ ਪ੍ਰਾਪਤੀਆਂ ਦੀ ਹੈਟਿ੍ਕ ਮਾਰ ਦਿੱਤੀ ਹੈ | ਸਕੂਲ ਅਧਿਆਪਕਾਂ ਲਖਵੀਰ ਸਿੰਘ ਬਾਵਾ, ਜਤਿੰਦਰ ਕੁਮਾਰ, ਡਿੰਪਲ ਰਾਣੀ ਅਤੇ ਕੁਲਜੀਤ ਕੌਰ ਨੇ ਵਿਦਿਆਰਥਣਾਂ ਦੀ ਸਫਲਤਾ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਅਧਿਆਪਕ ਦਾ ਅਸਲ ਸਨਮਾਨ ਉਨ੍ਹਾਂ ਦੇ ਵਿਦਿਆਰਥੀਆਂ ਦੀਆਂ ਭਵਿੱਖ ਦੀਆਂ ਪ੍ਰਾਪਤੀਆਂ ਹੀ ਹੁੰਦੀਆਂ ਹਨ, ਜਿਹੜੀਆਂ ਅਧਿਆਪਕ ਨੂੰ ਹੋਰ ਸ਼ਿੱਦਤ ਅਤੇ ਮਿਹਨਤ ਨਾਲ ਆਪਣਾ ਫਰਜ਼ ਨਿਭਾਉਣ ਲਈ ਪ੍ਰੇਰਿਤ ਕਰਦੀਆਂ ਹਨ |