11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪਿੰਡ ਮਧੀਰ ਵਿਖੇ ਲੁੱਕ ਪਲਾਂਟ ਦੇ ਵਿਰੋਧ ’ਚ ਸੜਕ ਜਾਮ ਕਰ ਕੇ ਰੋਸ ਧਰਨਾ

ਅਜੀਤ ਡੈਸਕ 18-06-2026


ਗਿੱਦੜਬਾਹਾ, 17 ਜੂਨ (ਸ਼ਿਵਰਾਜ ਸਿੰਘ ਬਰਾੜ)-ਪਿੰਡ ਮਧੀਰ ਵਿਖੇ ਲੱਗ ਰਹੇ ਲੁੱਕ ਪਲਾਂਟ ਦੇ ਵਿਰੋਧ ਵਿਚ ਭਾਕਿਯੂ ਏਕਤਾ (ਸਿੱਧੂਪੁਰ) ਸਮੇਤ ਸਮੂਹ ਪਿੰਡ ਵਾਸੀਆਂ ਨੇ ਸੜਕ ‘ਤੇ ਰੋਸ ਧਰਨਾ ਦਿੰਦਿਆਂ ਅਵਾਜਾਈ ਠੱਪ ਕੀਤੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਪਲਾਂਟ ਦੇ ਪ੍ਰਬੰਧਕਾਂ ਵਲੋਂ ਪਲਾਂਟ ਲਗਾਉਣਾ ਬੰਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਐਕਸ਼ਨ ਕੀਤਾ ਜਾਵੇਗਾ। ਰੋਸ ਧਰਨੇ ਵਾਲੀ ਜਗ੍ਹਾ ‘ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਵਿੰਦਰ ਸਿੰਘ ਬਣਵਾਲਾ ਅਤੇ ਸਰਕਲ ਪ੍ਰਧਾਨ ਚਰਨਜੀਤ ਸਿੰਘ ਭੂੰਦੜ ਵਲੋਂ ਪਿੰਡ ਵਾਸੀਆਂ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਪਿੰਡ ਮਧੀਰ ਦੀ ਹਦੂਦ ਵਿਚ ਇਕ ਨਿੱਜੀ ਕੰਪਨੀ ਵਲੋਂ ਬੱਜਰੀ-ਲੁੱਕ ਮਿਕਸ ਪਲਾਂਟ ਲਗਾਏ ਜਾਣ ਦੀਆਂ ਮੁੱਢਲੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਪਿੰਡ ਵਾਸੀਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਲਾਂਟ ਨੂੰ ਲਗਾਉਣ ਸਮੇਂ ਉਨ੍ਹਾਂ ਦੀ ਕੋਈ ਰਾਇ ਨਹੀਂ ਲਈ ਗਈ। ਪਲਾਂਟ ਵਿਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਕਾਰਨ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਹੈ। ਭਾਕਿਯੂ ਏਕਤਾ (ਸਿੱਧੂਪੁਰ) ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਸਖ਼ਤ ਲਹਿਜ਼ੇ ਨਾਲ ਕਿਹਾ ਕਿ ਜਥੇਬੰਦੀ ਪਿੰਡ ਵਾਸੀਆਂ ਦੇ ਨਾਲ ਹੈ ਅਤੇ ਕਿਸੇ ਵੀ ਕੀਮਤ ‘ਤੇ ਲੁੱਕ ਪਲਾਂਟ ਨਹੀਂ ਲੱਗਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੁੱਕ ਪਲਾਂਟ ਪਿੰਡ ਮਧੀਰ ਦੇ ਬਿਲਕੁੱਲ ਨਜ਼ਦੀਕ ਹੈ ਅਤੇ ਪਿੰਡ ਵਾਸੀਆਂ ਲਈ ਇਹ ਪਲਾਂਟ ਘਾਤਕ ਸਿੱਧ ਹੋਵੇਗਾ। ਜੇਕਰ ਪਲਾਂਟ ਮਾਲਕਾਂ ਵਲੋਂ ਪਲਾਂਟ ਲਾਉਣਾ ਬੰਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਐਕਸ਼ਨ ਹੋਵੇਗਾ। ਹਲਕਾ ਪ੍ਰਧਾਨ ਠਾਣਾ ਸਿੰਘ ਖ਼ਾਲਸਾ ਨੇ ਕਿਹਾ ਕਿ ਜਥੇਬੰਦੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਪੱਕਾ ਰੋਸ ਧਰਨਾ ਲਗਾਤਾਰ ਚੱਲ ਰਿਹਾ ਹੈ, ਪ੍ਰੰਤੂ ਪ੍ਰਸ਼ਾਸਨ ਦੇ ਕੰਨ ‘ਤੇ ਜੂੰਅ ਨਹੀਂ ਸਰਕ ਰਹੀ। ਪ੍ਰਬੰਧਕਾਂ ਤੇ ਪ੍ਰਸ਼ਾਸਨ ਨਾਲ ਕਈ ਵਾਰ ਗੱਲਬਾਤ ਕੀਤੀ ਗਈ ਹੈ, ਪ੍ਰੰਤੂ ਪ੍ਰਸ਼ਾਸਨ ਤੇ ਪਲਾਂਟ ਦੇ ਪ੍ਰਬੰਧਕਾਂ ਵਲੋਂ ਕੋਈ ਸਾਰਥਿਕ
ਕਦਮ ਨਹੀਂ ਚੁੱਕੇ ਜਾ ਰਹੇ। ਜਥੇਬੰਦੀ ਤੇ ਪਿੰਡ ਵਾਸੀਆਂ ਵਲੋਂ ਹਲਕਾ ਤਹਿਸੀਲਦਾਰ ਜਤਿੰਦਰਪਾਲ ਸਿੰਘ ਗਿੱਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂ ਤੇ ਸਮੂਹ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਭਾਕਿਯੂ ਦੇ ਜ਼ਿਲ੍ਹਾ ਪ੍ਰਧਾਨ, ਬਲਜੀਤ ਸਿੰਘ ਬੋਦੀਵਾਲਾ, ਜਗਮੀਤ ਸਿੰਘ ਝੋਰੜ, ਤਰਸੇਮ ਸਿੰਘ ਦੋਦਾ, ਬਲਜਿੰਦਰ ਸਿੰਘ ਮਧੀਰ, ਮੇਜਰ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਆਰ.ਪੀ.ਆਈ. ਪੰਜਾਬ ਦੇ ਪ੍ਰਧਾਨ ਕੁਲਵੰਤ ਸਿੰਘ ਵਲੋਂ ਚੇਅਰਮੈਨ ਗੜ੍ਹੀ ਨਾਲ ਮੁਲਾਕਾਤ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।