ਮਲੋਟ, 21 ਜੁਲਾਈ (ਪਾਟਿਲ)-ਨਗਰ ਕੌਂਸਲ ਮਲੋਟ ਦੀ ਨਵੀਂ ਬਣੀ ਹਾਊਸ ਦੀ ਪਹਿਲੀ ਮੀਟਿੰਗ ਦੌਰਾਨ ਜਿੱਥੇ ਸ਼ਹਿਰ ਦੇ ਵਿਕਾਸ ਨਾਲ ਸੰਬੰਧਿਤ ਜ਼ਿਆਦਾਤਰ ਮਤਿਆਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਗਈ, ਉੱਥੇ ਜੀ.ਟੀ. ਰੋਡ ਦੀ ਸਰਵਿਸ ਲੇਨ ਨੂੰ ਪਾਰਕਿੰਗ ਵਜੋਂ ਠੇਕੇ ’ਤੇ ਦੇ ਕੇ ਉੱਥੇ ਪਾਰਕਿੰਗ ਫ਼ੀਸ (ਪਰਚੀ) ਲਾਗੂ ਕਰਨ ਦੇ ਪ੍ਰਸਤਾਵ ਦਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਕੌਂਸਲਰਾਂ ਨੇ ਸਖ਼ਤ ਵਿਰੋਧ ਕੀਤਾ ਹੈ। ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਕੌਂਸਲਰਾਂ ਅਸ਼ੋਕ ਬਜਾਜ, ਕੇਵਲ ਅਰੋੜਾ ਨੇ ਦੱਸਿਆ ਕਿ ਹਾਊਸ ਵਿਚ ਆਮ ਤੇ ਵਿਕਾਸ ਕਾਰਜਾਂ ਨਾਲ ਸੰਬੰਧਿਤ ਰੁਟੀਨ ਮਤੇ ਪਾਸ ਕੀਤੇ ਗਏ, ਪਰ ਜਦੋਂ ਜੀ.ਟੀ. ਰੋਡ ਦੀ ਸਰਵਿਸ ਲੇਨ ’ਤੇ ਪੇਡ ਪਾਰਕਿੰਗ ਦਾ ਮਤਾ ਰੱਖਿਆ ਗਿਆ ਤਾਂ ਉਨ੍ਹਾਂ ਨੇ ਇਸ ’ਤੇ ਲਿਖ਼ਤੀ ਤੇ ਮੌਖਿਕ ਰੂਪ ਵਿਚ ਆਪਣਾ ਇਤਰਾਜ ਦਰਜ ਕਰਵਾਇਆ ਹੈ। ਕੌਂਸਲਰਾਂ ਦਾ ਕਹਿਣਾ ਹੈ ਕਿ ਜੀ.ਟੀ. ਰੋਡ ’ਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਦੁਕਾਨਦਾਰ, ਉਨ੍ਹਾਂ ਦੇ ਕਰਮਚਾਰੀ ਤੇ ਗ੍ਰਾਹਕ ਆਪਣੇ ਵਾਹਨ ਖੜ੍ਹੇ ਕਰਦੇ ਹਨ। ਜੇਕਰ ਹਰ ਵਾਰ ਪਾਰਕਿੰਗ ਦੀ ਪਰਚੀ ਕੱਟਣੀ ਪਈ ਤਾਂ ਇਸ ਨਾਲ ਆਮ ਲੋਕਾਂ ’ਤੇ ਬੇਲੋੜਾ ਆਰਥਿਕ ਬੋਝ ਪਵੇਗਾ ਅਤੇ ਛੋਟੇ-ਛੋਟੇ ਵਿਵਾਦ ਵੀ ਪੈਦਾ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਪਾਰਕਿੰਗ ਦੀ ਵਿਵਸਥਾ ਜ਼ਰੂਰ ਕਰਨੀ ਚਾਹੀਦੀ ਹੈ, ਪਰ ਇਸ ਨੂੰ ਪੇਡ ਨਹੀਂ ਬਣਾਇਆ ਜਾਣਾ ਚਾਹੀਦਾ। ਵਿਰੋਧੀ ਕੌਂਸਲਰਾਂ ਨੇ ਸੁਝਾਅ ਦਿੱਤਾ ਕਿ ਐਡਵਰਟ ਗੰਜ, ਡਾਕਖ਼ਾਨੇ ਦੇ ਪਿਛਲੇ ਹਿੱਸੇ ਅਤੇ ਟੈਲੀਫ਼ੋਨ ਐਕਸਚੇਂਜ ਨੇੜੇ ਖਾਲੀ ਪਈਆਂ ਥਾਵਾਂ ਨੂੰ ਵਿਕਸਤ ਕਰਕੇ ਉੱਥੇ ਸੁਚੱਜੀ ਪਾਰਕਿੰਗ ਬਣਾਈ ਜਾਵੇ। ਨਾਲ ਹੀ ਪਾਰਕਿੰਗ ਸਥਾਨਾਂ ’ਤੇ ਸਫ਼ਾਈ, ਸ਼ੈਡ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣ। ਮੀਟਿੰਗ ਦੌਰਾਨ ਕੌਂਸਲਰਾਂ ਨੇ ਸ਼ਹਿਰ ਵਿਚ ਗੰਦੇ ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰੇਜ ਦੀ ਸਮੱਸਿਆ ਤੇ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਅਤੇ ਇਨ੍ਹਾਂ ਸਮੱਸਿਆਵਾਂ ਦੇ ਜਲਦ ਹੱਲ ਦੀ ਮੰਗ ਕੀਤੀ। ਇਸ ਤੋਂ ਇਲਾਵਾ ਇਕ ਹੋਰ ਮਤੇ ’ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਇਤਰਾਜ ਜਤਾਉਂਦਿਆਂ ਕਿਹਾ ਕਿ ਪਹਿਲਾਂ ਮਨਜ਼ੂਰ ਕੀਤੀਆਂ ਗਈਆਂ ਭਰਤੀਆਂ ਵਿਚ ਬਾਕੀ ਰਹਿ ਗਏ ਯੋਗ ਉਮੀਦਵਾਰਾਂ ਨੂੰ ਨਿਯਮਾਂ ਅਤੇ ਰੋਸਟਰ ਅਨੁਸਾਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਕੌਂਸਲਰਾਂ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਦੇ ਹਰ ਕੰਮ ਵਿਚ ਨਗਰ ਕੌਂਸਲ ਦਾ ਸਾਥ ਦੇਣਗੇ, ਪਰ ਜਿੱਥੇ ਲੋਕਾਂ ਦੇ ਹਿੱਤਾਂ ’ਤੇ ਅਸਰ ਪਵੇਗਾ, ਉੱਥੇ ਡਟ ਕੇ ਵਿਰੋਧ ਵੀ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਕਿੰਗ ਬਣਾਉਣ ਦਾ ਉਹ ਵਿਰੋਧ ਨਹੀਂ ਕਰਦੇ, ਸਗੋਂ ਲੋਕਾਂ ਤੋਂ ਪਾਰਕਿੰਗ ਫ਼ੀਸ ਵਸੂਲਣ ਦੇ ਪ੍ਰਸਤਾਵ ਦਾ ਵਿਰੋਧ ਕਰ ਰਹੇ ਹਨ।
ਨਗਰ ਕੌਂਸਲ ਮਲੋਟ ਦੀ ਪਹਿਲੀ ਮੀਟਿੰਗ ’ਚ ਪਾਰਕਿੰਗ ਫ਼ੀਸ ਦੇ ਮਤੇ ’ਤੇ ਵਿਰੋਧ
ਅਜੀਤ ਡੈਸਕ
22-07-2026