ਕਿਸਾਨਾਂ ਨੇ 22 ਏਕੜ ਖੜ੍ਹੀਆਂ ਫ਼ਸਲਾਂ ’ਤੇ ਟਰੈਕਟਰ ਫੇਰੇ, ਸਰਕਾਰ ਤੋਂ ਮੰਗੀ ਵਿਸ਼ੇਸ਼ ਗਿਰਦਾਵਰੀ
ਮੰਡੀ ਕਿੱਲਿਆਂਵਾਲੀ, 18 ਸਤੰਬਰ (ਸ਼ਾਂਤ)-ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹਲਕੇ ਲੰਬੀ ਦੇ ਸਰਹੱਦੀ ਪਿੰਡ ਵਿਚ ਨਹਿਰੀ ਪਾਣੀ ਦੀ ਭਾਰੀ ਕਿੱਲਤ ਤੇ ਮੀਂਹਾਂ ਦੀ ਅਣਹੋਂਦ ਕਾਰਨ ਝੋਨੇ ਦੀ ਫ਼ਸਲ ’ਤੇ ਸੋਕੇ ਦਾ ਗੰਭੀਰ ਸੰਕਟ ਮੰਡਰਾਉਣ ਲੱਗਾ ਹੈ। ਹਲਕੇ ਦੇ ਛੇਕੜਲੇ ਪਿੰਡ ਕਿੱਲਿਆਂਵਾਲੀ ਵਿਖੇ ਕਰੀਬ 2 ਹਜ਼ਾਰ ਏਕੜ ਰਕਬੇ ਵਿਚ ਝੋਨੇ ਦੀ ਖੜ੍ਹੀ ਫ਼ਸਲ ਸੁੱਕਣ ਕੰਢੇ ਪੁੱਜ ਚੁੱਕੀ ਹੈ, ਜਿਸ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਹੁਣ ਫ਼ਸਲਾਂ ’ਤੇ ਟਰੈਕਟਰ ਚਲਾਉਣੇ ਸ਼ੁਰੂ ਕਰ ਦਿੱਤੇ ਹਨ।
ਮੰਡੀ ਕਿੱਲਿਆਂਵਾਲੀ, 18 ਸਤੰਬਰ (ਸ਼ਾਂਤ)-ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹਲਕੇ ਲੰਬੀ ਦੇ ਸਰਹੱਦੀ ਪਿੰਡ ਵਿਚ ਨਹਿਰੀ ਪਾਣੀ ਦੀ ਭਾਰੀ ਕਿੱਲਤ ਤੇ ਮੀਂਹਾਂ ਦੀ ਅਣਹੋਂਦ ਕਾਰਨ ਝੋਨੇ ਦੀ ਫ਼ਸਲ ’ਤੇ ਸੋਕੇ ਦਾ ਗੰਭੀਰ ਸੰਕਟ ਮੰਡਰਾਉਣ ਲੱਗਾ ਹੈ। ਹਲਕੇ ਦੇ ਛੇਕੜਲੇ ਪਿੰਡ ਕਿੱਲਿਆਂਵਾਲੀ ਵਿਖੇ ਕਰੀਬ 2 ਹਜ਼ਾਰ ਏਕੜ ਰਕਬੇ ਵਿਚ ਝੋਨੇ ਦੀ ਖੜ੍ਹੀ ਫ਼ਸਲ ਸੁੱਕਣ ਕੰਢੇ ਪੁੱਜ ਚੁੱਕੀ ਹੈ, ਜਿਸ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਹੁਣ ਫ਼ਸਲਾਂ ’ਤੇ ਟਰੈਕਟਰ ਚਲਾਉਣੇ ਸ਼ੁਰੂ ਕਰ ਦਿੱਤੇ ਹਨ। ਪਿੰਡ ਕਿੱਲਿਆਂਵਾਲੀ ਦੇ ਕੁੱਲ 6 ਹਜ਼ਾਰ ਏਕੜ ਖੇਤੀ ਰਕਬੇ ਵਿਚੋਂ ਤੀਜਾ ਹਿੱਸਾ ਫ਼ਸਲ ਸੋਕੇ ਦੀ ਭੇਟ ਚੜ੍ਹ ਜਾਣ ਕਾਰਨ ਸਰਹੱਦੀ ਕਿਸਾਨੀ ਗੰਭੀਰ ਆਰਥਿਕ ਮੰਦਵਾੜੇ ਦੇ ਮੂੰਹ ਆ ਪਈ ਹੈ। ਕਿਸਾਨ ਮਨਦੀਪ ਸਿੰਘ ਭਾਟੀ ਨੇ ਪਾਣੀ ਖੁਣੋਂ ਸੁੱਕ ਰਹੀ ਆਪਣੀ 16 ਏਕੜ ਝੋਨੇ ਦੀ ਫ਼ਸਲ ਵਾਹ ਦਿੱਤੀ ਹੈ, ਜਦਕਿ ਹਰਦੀਪ ਸਿੰਘ ਭਾਟੀ ਅਤੇ ਸੁਖਪਾਲ ਸਿੰਘ ਸਰਾਂ ਵਲੋਂ ਵੀ 3-3 ਏਕੜ ਖੜ੍ਹਾ ਝੋਨਾ ਵਾਹਿਆ ਗਿਆ ਹੈ। ਕਿਸਾਨਾਂ ਮੁਤਾਬਕ ਆਗਾਮੀ ਦਿਨਾਂ ਵਿਚ ਕਰੀਬ 400 ਤੋਂ 500 ਏਕੜ ਹੋਰ ਝੋਨਾ ਵਾਹੁਣ ਦੀ ਨੌਬਤ ਬਣੀ ਹੋਈ ਹੈ। ਮਾੜੇ ਜ਼ਮੀਨਦੋਜ ਪਾਣੀ ਅਤੇ ਨਹਿਰੀ ਪਾਣੀ ਦੇ ਸੋਕੇ ਕਾਰਨ ਬਚੀ ਫ਼ਸਲ ਦਾ ਝਾੜ ਮਹਿਜ਼ 5 ਤੋਂ 10 ਮਣ ਪ੍ਰਤੀ ਏਕੜ ਰਹਿਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਗੰਭੀਰ ਸੰਕਟ ਦੌਰਾਨ ਭਾਕਿਯੂ ਏਕਤਾ (ਉਗਰਾਹਾਂ) ਨੇ ਮੋਰਚਾ ਸੰਭਾਲਦਿਆਂ ਬਲਾਕ ਲੰਬੀ ਦੇ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਕਿੱਲਿਆਂਵਾਲੀ ਦੀ ਅਗਵਾਈ ਹੇਠ ਪ੍ਰਸ਼ਾਸਨ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਕਿਸਾਨ ਆਗੂਆਂ ਨੇ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਬਰਾੜ ਨੂੰ ਮੰਗ ਪੱਤਰ ਸੌਂਪਦਿਆਂ ਦੋਸ਼ ਲਗਾਇਆ ਕਿ ਲੋੜੀਂਦਾ ਨਹਿਰੀ ਪਾਣੀ ਨਾ ਮਿਲਣ ਅਤੇ ਹੇਠਲਾ ਪਾਣੀ ਖਾਰਾ ਹੋਣ ਕਾਰਨ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਢੁਕਵਾਂ ਮੁਆਵਜ਼ਾ ਨਾ ਦਿੱਤਾ ਤਾਂ ਕਿਸਾਨਾਂ ਲਈ ਅਗਲੀ ਫ਼ਸਲ ਦੀ ਬੀਜਾਂਦ ਕਰਨੀ ਵੀ ਅਸੰਭਵ ਹੋ ਜਾਵੇਗੀ। ਇਸ ਮੌਕੇ ਇਕਾਈ ਪ੍ਰਧਾਨ ਸੱਤਪਾਲ ਸਿੰਘ, ਲਖਵਿੰਦਰ ਸਿੰਘ, ਈਸ਼ਵਰ ਸਿੰਘ, ਪ੍ਰਦੀਪ ਸਿੰਘ, ਸੁਖਵੀਰ ਸਿੰਘ, ਪਾਲ ਸਰਾਂ ਤੇ ਪੱਪੀ ਭਾਟੀ ਸਮੇਤ ਹੋਰਨਾਂ ਕਿਸਾਨ ਮੌਜੂਦ ਸਨ। ਦੂਜੇ ਪਾਸੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ ਦਾ ਕਹਿਣਾ ਕਿ ਮਾੜੇ ਜ਼ਮੀਨੀ ਪਾਣੀ ਕਾਰਨ ਕਈ ਥਾਵਾਂ ’ਤੇ ਝੋਨਾ ਪ੍ਰਭਾਵਿਤ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ, ਫ਼ੀਲਡ ਸਟਾਫ਼ ਤੋਂ ਜ਼ਮੀਨੀ ਰਿਪੋਰਟ ਤਲਬ ਕੀਤੀ ਗਈ ਹੈ।