ਮਾਨਸਾ, 13 ਫਰਵਰੀ (ਸ.ਰਿ.)- ਨੇੜਲੇ ਪਿੰਡ ਅਸਪਾਲ ਕੋਠੇ ਦੀ ਗ੍ਰਾਮ ਪੰਚਾਇਤ ਵਲੋਂ ਥਰਮਲ ਪਲਾਂਟ ਬਣਾਂਵਾਲੀ ਨੂੰ ਜਾਂਦੀ ਰੇਲਵੇ ਲਾਈਨ 'ਤੇ ਬਣੇ ਅੰਡਰ ਬਿ੍ਜ 'ਚੋਂ ਪਾਣੀ ਦੀ ਨਿਕਾਸੀ ਕਰਨ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ | ਸਰਪੰਚ ਸਰਬਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਸੱਦਾ ਸਿੰਘ ਵਾਲਾ ਤੋਂ ਮਾਨਬੀਬੜੀਆਂ ਤੱਕ ਬਣੇ ਅੰਡਰਬਿ੍ਜਾਂ 'ਚ ਮੀਂਹ ਪੈਣ ਉਪਰੰਤ ਤਕਰੀਬਨ 3 ਫੁੱਟ ਤੱਕ ਪਾਣੀ ਖੜ੍ਹ ਜਾਂਦਾ ਹੈ, ਜਿਸ ਕਾਰਨ ਨੇੜੇ ਦੇ ਲਗਭਗ 5 ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਇਸ ਮਸਲੇ ਸਬੰਧੀ ਜਲਦੀ ਤੋਂ ਜਲਦੀ ਕਾਰਵਾਈ ਕਰ ਕੇ ਉਚਿੱਤ ਹੱਲ ਕਰਨ ਦੀ ਮੰਗ ਕੀਤੀ | ਇਸ ਮੌਕੇ ਸਰਪੰਚ ਪਰਮਜੀਤ ਕੌਰ ਅਸਪਾਲ ਤੇ ਸੁਖਜੀਤ ਸਿੰਘ ਮਾਨਬੀਬੜੀਆਂ, ਪੰਚ ਭਗਵੰਤ ਸਿੰਘ ਅਸਪਾਲ, ਮੇਵਾ ਸਿੰਘ ਆਦਿ ਹਾਜ਼ਰ ਸਨ |