ਬੁਢਲਾਡਾ, 19 ਫਰਵਰੀ (ਸਵਰਨ ਸਿੰਘ ਰਾਹੀ)- ਪਿਛਲੇ ਕਈ ਮਹੀਨਿਆਂ ਤੋਂ ਮਗਨਰੇਗਾ ਕੰਮ ਬੰਦ ਹੋਣ ਅਤੇ ਮਕਾਨਾਂ ਵਾਸਤੇ ਆਏ ਪੈਸੇ ਜਾਰੀ ਨਾ ਹੋਣ ਦੇ ਵਿਰੋਧ 'ਚ ਨੇੜਲੇ ਰੰਘੜਿਆਲ ਦੇ ਮਜ਼ਦੂਰਾਂ ਵਲੋਂ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ | ਸੰਬੋਧਨ ਕਰਦਿਆਂ ਪ੍ਰਧਾਨ ਬਾਜ ਸਿੰਘ, ਅਜੈਬ ਸਿੰਘ, ਕਰਮਜੀਤ ਸਿੰਘ, ਤਰਸੇਮ ਸਿੰਘ, ਬਿੰਦਰ ਸਿੰਘ ਆਦਿ ਨੇ ਕਿਹਾ ਕਿ ਪਿੰਡ ਦੇ ਪਿਛਲੇ ਕਰੀਬ 7 ਮਹੀਨਿਆਂ ਤੋਂ ਪਏ ਬੰਦ ਪਏ ਕੰਮਾਂ ਸਬੰਧੀ ਉਹ ਕਈ ਵਾਰ ਪ੍ਰਸ਼ਾਸਨ ਨੂੰ ਅਪੀਲ ਕਰ ਚੁੱਕੇ ਹਨ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਮਗਨਰੇਗਾ ਕੰਮ ਰੁਕਣ ਕਰ ਕੇ ਗਰੀਬ ਪਰਿਵਾਰਾਂ ਨੂੰ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਧਰਨਾਕਾਰੀਆਂ ਨੇ ਦੱਸਿਆ ਕਿ ਪਿੰਡ ਦੇ 23 ਗਰੀਬ ਪਰਿਵਾਰਾਂ ਦੇ ਮਕਾਨਾਂ ਦੇ ਪੈਸੇ ਆਉਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਕੀਤੇ ਜਾ ਰਹੇ | ਧਰਨੇ ਦੌਰਾਨ ਪੁੱਜੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ, ਸਾਬਕਾ ਹਲਕਾ ਇੰਚਾਰਜ ਸੱਤਪਾਲ ਸਿੰਘ ਮੂਲੇਵਾਲਾ ਅਤੇ ਬਲਾਕ ਪ੍ਰਧਾਨ ਹਰਵਿੰਦਰਜੀਤ ਸਿੰਘ ਸਵੀਟੀ ਨੇ ਪਿੰਡ ਵਾਸੀਆਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਜਾਣਬੁੱਝ ਕੇ ਮਗਨਰੇਗਾ ਸਕੀਮ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਜਿਸ ਤਹਿਤ ਮਜ਼ਦੂਰ ਵਰਗ ਨੂੰ ਮਗਨਰੇਗਾ ਕੰਮ ਨਾ ਦੇ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਿਛਲੇ ਦਿਨੀਂ ਮਗਨਰੇਗਾ ਸਬੰਧੀ ਲਿਆਂਦਾ ਗਿਆ ਨਵਾਂ ਬਿੱਲ ਵੀ ਮਜ਼ਦੂਰ ਵਰਗ ਨੂੰ ਹੋਰ ਪ੍ਰੇਸ਼ਾਨ ਕਰੇਗਾ | ਆਗੂਆਂ ਨੇ ਕਿਹਾ ਕਿ ਜੇਕਰ ਮਜ਼ਦੂਰ ਵਰਗ ਦੇ ਮਸਲੇ ਹੱਲ ਨਾ ਕੀਤੇ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ |
ਮਗਨਰੇਗਾ ਕੰਮ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਮਜ਼ਦੂਰਾਂ ਵਲੋਂ ਬੀ.ਡੀ.ਪੀ.ਓ. ਦਫ਼ਤਰ ਅੱਗੇ ਧਰਨਾ
ਅਜੀਤ ਡੈਸਕ
20-02-2026