ਮਾਨਸਾ, 19 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਕੁਦਰਤੀ ਸੋਮੇ ਮਿੱਟੀ ਤੇ ਪਾਣੀ ਦੀ ਸੰਭਾਲ ਲਈ ਵਧੇਰੇ ਉਪਰਾਲੇ ਜੁਟਾਉਣੇ ਚਾਹੀਦੇ ਹਨ | ਅਜਿਹਾ ਕਰ ਕੇ ਅਸੀਂ ਭਵਿੱਖ ਉਜਲਾ ਕਰ ਸਕਦੇ ਹਾਂ | ਇਹ ਪ੍ਰਗਟਾਵਾ ਸਥਾਨਕ ਕਿ੍ਸ਼ੀ ਵਿਗਿਆਨ ਕੇਂਦਰ ਵਿਖੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਡਾ. ਤਰਸੇਮ ਸਿੰਘ ਢਿੱਲੋਂ ਨੇ 19ਵੀਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਵਿਗਿਆਨ ਕੇਂਦਰ ਵਲੋਂ ਫ਼ਸਲੀ ਰਹਿੰਦ-ਖੂੰਹਦ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ | ਉਨ੍ਹਾਂ ਕਿਸਾਨਾਂ ਨੂੰ ਸਹਾਇਕ ਕਿੱਤੇ ਅਪਣਾਉਣ ਅਤੇ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਕਰ ਕੇ ਖੇਤੀ ਵਪਾਰ ਅਪਣਾਉਣ ਲਈ ਵੀ ਪ੍ਰੇਰਿਆ | ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਸਿੰਘ ਸਿੱਧੂ ਨੇ ਨਰਮੇ ਦੀ ਫ਼ਸਲ ਹੇਠਾਂ ਰਕਬਾ ਵਧਾਉਣ ਅਤੇ ਝੋਨੇ ਦੀਆਂ ਥੋੜ੍ਹੇ ਸਮੇਂ ਦੀਆਂ ਕਿਸਮਾਂ ਦੇ ਪਸਾਰ ਨੂੰ ਤਰਜੀਹ ਦੇਣ 'ਤੇ ਜ਼ੋਰ ਦਿੱਤਾ | ਡਾ. ਕਰਮਜੀਤ ਸਿੰਘ ਸੇਖੋਂ ਤੇ ਡਾ. ਅਮਰਜੀਤ ਸਿੰਘ ਸੰਧੂ ਨੇ ਕਿਸਾਨਾਂ ਨੂੰ ਸਮਾਜਿਕ ਕਦਰਾਂ-ਕੀਮਤਾਂ ਬਾਰੇ ਜਾਗਰੂਕ ਕਰਨ ਅਤੇ ਮਿੱਟੀ ਦੀ ਸਿਹਤ ਨੂੰ ਕਾਇਮ ਰੱਖਣ ਦੇ ਉਪਰਾਲੇ ਕਰਨ ਬਾਰੇ ਅਪੀਲ ਕੀਤੀ | ਡਾ. ਅਜੀਤਪਾਲ ਸਿੰਘ ਨੇ ਕਿ੍ਸ਼ੀ ਵਿਗਿਆਨ ਕੇਂਦਰ ਮਾਨਸਾ ਵਲੋਂ ਪਿਛਲੇ ਵਰ੍ਹੇ ਲਗਾਏ ਗਏ ਕਿੱਤਾ ਮੁਖੀ ਸਿਖਲਾਈ ਕੋਰਸਾਂ, ਖੇਤ ਪ੍ਰਦਰਸ਼ਨੀਆਂ, ਖੇਤ ਤਜਰਬੇ, ਗਿਆਨ ਵਧਾਊ ਯਾਤਰਾਵਾਂ, ਖੇਤ ਦਿਵਸ, ਕਿਸਾਨ ਸਿਖਲਾਈ ਕੈਂਪ, ਮੋਬਾਈਲ ਖੇਤੀ ਸੁਨੇਹੇ ਆਦਿ ਪਸਾਰ ਗਤੀਵਿਧੀਆਂ ਬਾਰੇ ਦੱਸਿਆ | ਡਾ. ਅਜੈ ਸਿੰਘ ਨੇ ਕੇ.ਵੀ.ਕੇ. ਦੀ ਸਾਲਾਨਾ ਕਾਰਜ ਯੋਜਨਾ ਸਬੰਧੀ ਚਾਨਣਾ ਪਾਇਆ | ਇਸ ਮੌਕੇ ਡਾ. ਤੇਜਪਾਲ ਸਿੰਘ ਸਰਾਂ, ਡਾ. ਮਨਦੀਪ ਸਿੰਘ ਆਦਿ ਹਾਜ਼ਰ ਸਨ |
ਕੁਦਰਤੀ ਸੋਮੇ ਮਿੱਟੀ ਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਵਧੇਰੇ ਉਪਰਾਲੇ ਜੁਟਾਉਣ 'ਤੇ ਜ਼ੋਰ
ਅਜੀਤ ਡੈਸਕ
20-02-2026