ਮਾਨਸਾ, 30 ਅਪ੍ਰੈਲ (ਸ.ਰਿ.)- ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ ਨੇ ਜ਼ਿਲ੍ਹੇ 'ਚ ਅਣਅਧਿਕਾਰਤ ਆਵਾਜ਼ ਪ੍ਰਦੂਸ਼ਣ ਵਾਲੇ ਯੰਤਰਾਂ ਅਤੇ ਨਸ਼ਿਆਂ ਤੇ ਹਿੰਸਾ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ/ਭਾਸ਼ਣਾਂ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਇਸੇ ਦੌਰਾਨ ਰਾਤ 10 ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰ ਜਾਂ ਆਵਾਜ਼ੀ ਯੰਤਰਾਂ ਦੀ ਵਰਤੋਂ 'ਤੇ ਪੂਰਨ ਪਾਬੰਦੀ ਹੋਵੇਗੀ | ਉਨ੍ਹਾਂ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ, ਮੈਰਿਜ ਪੈਲੇਸਾਂ, ਸ਼ਹਿਰਾਂ/ ਪਿੰਡਾਂ 'ਚ ਗੀਤਕਾਰਾਂ/ ਬੁਲਾਰਿਆਂ ਵਲੋਂ ਲਗਾਏ ਜਾਣ ਵਾਲੇ ਅਖਾੜੇ ਜਾਂ ਸਟੇਜਾਂ 'ਤੇ ਹਿੰਸਾ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ/ਭਾਸ਼ਣਾਂ 'ਤੇ ਵੀ ਪਾਬੰਦੀ ਲਗਾਈ ਹੈ | ਇਹ ਹੁਕਮ 31 ਮਈ ਤੱਕ ਲਾਗੂ ਰਹਿਣਗੇ |