ਮਾਨਸਾ, 30 ਅਪ੍ਰੈਲ (ਰਾਵਿੰਦਰ ਸਿੰਘ ਰਵੀ)- ਪੰਜਾਬ ਸਰਕਾਰ ਵਲੋਂ ਸੂਬੇ ਦੇ 72 ਪ੍ਰਾਇਮਰੀ ਅਧਿਆਪਕਾਂ ਨੂੰ ਸਿਖਲਾਈ ਲਈ ਯੂਨੀਵਰਸਿਟੀ ਆਫ਼ ਟਰਕੂ ਫਿਨਲੈਂਡ ਵਿਖੇ ਭੇਜਿਆ ਜਾ ਰਿਹਾ ਹੈ | ਇਹ ਸਿਖਲਾਈ ਪ੍ਰੋਗਰਾਮ 18 ਤੋਂ ਲੈ ਕੇ 29 ਮਈ ਤੱਕ ਚੱਲੇਗਾ | ਇਨ੍ਹਾਂ ਅਧਿਆਪਕਾਂ 'ਚ ਮਾਨਸਾ ਜ਼ਿਲੇ੍ਹ ਦੇ 4 ਅਧਿਆਪਕ ਸ਼ਾਮਿਲ ਹਨ | ਅੰਗਰੇਜ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸਾਹਨੇਵਾਲੀ, ਸੁਖਜੀਤ ਸਿੰਘ ਚਹਿਲ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੇਹਲੇ, ਜਗਤਾਰ ਸਿੰਘ ਲਾਡੀ ਸਰਕਾਰੀ ਪ੍ਰਾਇਮਰੀ ਸਕੂਲ ਜਵਾਹਰਕੇ ਅਤੇ ਨੀਨਾ ਬਾਤਿਸ਼ ਸਰਕਾਰੀ ਪ੍ਰਾਇਮਰੀ ਸਕੂਲ ਫੁੱਲੂਵਾਲਾ ਡੋਗਰਾ ਸਿਖਲਾਈ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਫਿਨਲੈਂਡ ਜਾਣਗੇ | ਅਧਿਆਪਕਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਲਈ ਸੁਨਹਿਰੀ ਮੌਕਾ ਹੈ, ਜਿਸ ਦੇ ਮਾਧਿਅਮ ਰਾਹੀਂ ਉਹ ਸਿੱਖਿਆ ਦੀ ਬਿਹਤਰੀ ਲਈ ਵਿਦੇਸ਼ ਜਾ ਕੇ ਸਿਖਲਾਈ ਹਾਸਲ ਕਰਨਗੇ | ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਸੂਬੇ 'ਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ |
ਮਾਨਸਾ ਜ਼ਿਲੇ੍ਹ ਦੇ 4 ਅਧਿਆਪਕ ਜਾਣਗੇ ਸਿਖਲਾਈ ਲੈਣ ਲਈ ਫਿਨਲੈਂਡ <br/>
ਅਜੀਤ ਡੈਸਕ
01-05-2026