ਬਠਿੰਡਾ, 30 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਜੇਸੀਬੀ ਰੂਪੀ 'ਪੀਲਾ ਪੰਜਾ' ਚਲਾ ਕੇ ਬਠਿੰਡਾ ਦੀ ਧੋਬੀਆਣਾ ਬਸਤੀ ਵਿਚ ਕਾਰਵਾਈ ਕਰਦਿਆਂ ਇਕ ਗੈਰ ਕਾਨੂੰਨੀ ਇਮਾਰਤ ਨੂੰ ਢਾਹ ਦਿੱਤਾ | ਇਸ ਮੌਕੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਇਮਾਰਤ ਕਮਲ ਗਰਗ ਵਲੋਂ ਉਸਾਰੀ ਗਈ ਸੀ, ਇਸ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ ਪ੍ਰੰਤੂ ਕਬਜ਼ਾਧਾਰੀ ਵਲੋਂ ਇਸ ਜਗ੍ਹਾ ਨੂੰ ਖਾਲੀ ਨਾ ਕਰਨ ਕਰਕੇ ਇਥੇ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ | ਮੌਕੇ 'ਤੇ ਭਾਰੀ ਪੁਲਿਸ ਸਮੇਤ ਪਹੁੰਚੇ ਐੱਸ.ਪੀ. ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਜ਼ਿਲੇ੍ਹ ਵਿਚ ਮਾੜੇ ਅਨਸਰਾਂ ਖਿਲਾਫ ਵੱਡੀ ਪੱਧਰ 'ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਲੜੀ ਦੇ ਤਹਿਤ ਹੀ ਇਹ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕਮਲ ਗਰਗ ਖਿਲਾਫ ਐਨ.ਡੀ.ਪੀ.ਐੱਸ. ਤਹਿਤ ਚਾਰ ਮੁਕੱਦਮੇ ਦਰਜ ਹਨ ਅਤੇ ਉਸ ਨੇ ਇਸ ਸਰਕਾਰੀ ਜਗ੍ਹਾ 'ਤੇ ਨਜਾਇਜ਼ ਕਬਜ਼ਾ ਕਰਕੇ ਮਕਾਨ ਤਿਆਰ ਕੀਤਾ ਹੋਇਆ ਸੀ | ਐੱਸ.ਪੀ ਸਿਟੀ ਨੇ ਦੱਸਿਆ ਕਿ ਸਿਵਲ ਪ੍ਰਸ਼ਾਸਨ ਵਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੁਣ ਤੱਕ 16 ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਇਮਾਰਤਾਂ ਨੂੰ ਢਾਹਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਨੇ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਕਾਰਵਾਈ ਕਰਦੇ ਹੋਏ 1 ਮਾਰਚ 2025 ਤੋਂ 2418 ਮੁਕੱਦਮੇ ਦਰਜ ਕਰਕੇ 3458 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਵਿਚ 89 ਵੱਡੀਆਂ ਮੱਛੀਆਂ ਵੀ ਸ਼ਾਮਲ ਹਨ | ਜਦਕਿ ਸਾਲ 2023 ਤੋਂ ਹੁਣ ਤੱਕ ਕੁਲ 87 ਦੋਸ਼ੀਆਂ ਦੀ 14 ਕਰੋੜ 21 ਲੱਖ ਦੇ ਕਰੀਬ ਦੀ ਜਾਇਦਾਦ ਫਰੀਜ ਕਰਵਾਈ ਗਈ ਹੈ |