ਭੀਖੀ, 30 ਅਪ੍ਰੈਲ (ਬਲਕਾਰ ਸਿੰਘ ਸਹੋਤਾ)- ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ ਸਥਾਨਕ ਕਸਬੇ 'ਚ ਸ਼ਹਿਰੀ ਮੁੱਢਲਾ ਸਿਹਤ ਕੇਂਦਰ ਅਤੇ ਭੀਖੀ-ਧਨੌਲਾ ਸੜਕ ਦੇ ਦਰਜਾ ਵਿਸਥਾਰ ਦੇ ਨੀਂਹ ਪੱਥਰ ਰੱਖਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਸੂਬੇ ਦੇ ਮੁੱਢਲੇ ਢਾਂਚੇ ਨੂੰ ਵਿਕਸਿਤ ਕਰਨ ਅਤੇ ਨਾਗਰਿਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪ੍ਰਤੀਬੱਧ ਹਨ | ਉਨ੍ਹਾਂ ਦੱਸਿਆ ਕਿ ਨਗਰ ਵਿਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਕਰਨ ਲਈ ਮੁਹੱਲਾ ਕਲੀਨਿਕ ਤੋਂ ਇਲਾਵਾ ਹੁਣ ਇੱਥੇ ਇੱਕ ਸ਼ਹਿਰੀ ਮੁੱਢਲਾ ਸਿਹਤ ਕੇਂਦਰ ਉਸਾਰਿਆ ਜਾ ਰਿਹਾ ਹੈ, ਜਿਸ 'ਚ 3 ਡਾਕਟਰਾਂ ਦੀ ਤਾਇਨਾਤੀ ਤੋਂ ਇਲਾਵਾ ਸਿਹਤ ਨਾਲ ਸਬੰਧਿਤ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਇਸ ਕੇਂਦਰ ਦੀ ਉਸਾਰੀ 1 ਕਰੋੜ 15 ਲੱਖ ਰੁਪਏ ਖਰਚੇ ਜਾਣਗੇ | ਉਨ੍ਹਾਂ ਭੀਖੀ ਵਿਖੇ ਚੱਲ ਰਹੀ ਸੀ.ਐਚ.ਸੀ. ਨੂੰ ਇੱਥੋਂ ਤਬਦੀਲ ਕਰਨ ਦੀਆਂ ਚਰਚਾਵਾਂ ਨੂੰ ਅਫ਼ਵਾਹ ਦੱਸਦਿਆਂ ਕਿਹਾ ਕਿ ਇਸ ਹਸਪਤਾਲ ਦੀ ਇਮਾਰਤ ਲਈ 9 ਕਰੋੜ 87 ਲੱਖ ਰੁਪਏ ਦੇ ਤਖ਼ਮੀਨੇ ਮਨਜ਼ੂਰ ਕੀਤੇ ਗਏ ਹਨ | ਆਗਾਮੀ ਮਹੀਨਿਆਂ 'ਚ ਇਸ ਹਸਪਤਾਲ ਦੀ ਉਸਾਰੀ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਲਾਕੇ 'ਚੋਂ ਗੁਜ਼ਰਦੇ ਭਵਾਨੀਗੜ੍ਹ-ਕੋਟਸ਼ਮੀਰ ਮੁੱਖ ਮਾਰਗ ਦੀ ਮੁਰੰਮਤ ਦੇ ਕਾਰਜ ਵੀ ਜਲਦੀ ਸ਼ੁਰੂ ਹੋਣਗੇ | ਵਿਧਾਇਕ ਸਿੰਗਲਾ ਨੇ ਕਿਹਾ ਕਿ ਭੀਖੀ-ਧਨੌਲਾ ਸੜਕ ਦੇ ਨਵੀਨੀਕਰਨ ਦੇ ਕੰਮ ਸ਼ੁਰੂ ਕੀਤੇ ਗਏ ਹਨ ਅਤੇ ਨਾਲ ਨਾਲ ਵੱਖ-ਵੱਖ ਪਿੰਡਾਂ ਦੀਆਂ ਫਿਰਨੀਆਂ ਅਤੇ ਸੰਪਰਕ ਸੜਕਾਂ ਦੇ ਨਿਰਮਾਣ ਵੀ ਆਰੰਭੇ ਹੋਏ ਹਨ ਤਾਂ ਜੋ ਲੋਕਾਂ ਨੂੰ ਆਵਾਜਾਈ ਦੌਰਾਨ ਕੋਈ ਦਿੱਕਤ ਪੇਸ਼ ਨਾ ਆਵੇ | ਇਸ ਮੌਕੇ ਸੀ. ਐਮ. ਓ. ਡਾ. ਰਣਜੀਤ ਸਿੰਘ ਰਾਏ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਵਤਾਰ ਸਿੰਘ, ਕਾਰਜਕਾਰੀ ਇੰਜੀਨੀਅਰ ਪ੍ਰਤੀਕ ਸਿੰਗਲਾ, ਉਪ ਮੰਡਲ ਅਫ਼ਸਰ ਜਤਿੰਦਰ ਕੁਮਾਰ, ਮਾਰਕਿਟ ਕਮੇਟੀ ਭੀਖੀ ਦੇ ਚੇਅਰਮੈਨ ਮਾ. ਵਰਿੰਦਰ ਸੋਨੀ, ਨਗਰ ਪੰਚਾਇਤ ਪ੍ਰਧਾਨ ਸੁਖਪ੍ਰੀਤ ਕੌਰ, ਆਪ ਆਗੂ ਸੁਖਦੇਵ ਸਿੰਘ, ਪਰਵਿੰਦਰ ਸਿੰਘ ਗੋਰਾ, ਕੌਂਸਲਰ ਰਾਮ ਸਿੰਘ ਚਹਿਲ, ਪੱਪੀ ਸਿੰਘ, ਪ੍ਰੇਮ ਕੁਮਾਰ ਗਰਗ, ਗੁਰਬਚਨ ਸਿੰਘ ਜਵੰਧਾ, ਕੌਂਸਲਰ ਰਜਿੰਦਰ ਕੌਰ, ਕੌਂਸਲਰ ਚਰਨਜੀਤ ਕੌਰ ਆਦਿ ਹਾਜ਼ਰ ਸਨ |