07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬਠਿੰਡਾ 'ਚ ਰੇਹੜੀਆਂ ਵਾਲਿਆਂ ਖਿਲਾਫ ਮੁਹਿੰਮ ਚਲਾਉਣ ਵਾਲੇ ਸਮਾਜ ਸੇਵੀਆਂ 'ਤੇ ਮੁਕੱਦਮਾ ਦਰਜ <br/>

ਅਜੀਤ ਡੈਸਕ 15-05-2026
ਬਠਿੰਡਾ, 14 ਮਈ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ 'ਚ ਸੜਕਾਂ ਕਿਨਾਰੇ ਰੇਹੜੀਆਂ ਲਗਾਉਣ ਅਤੇ ਆਵਾਜਾਈ ਨੂੰ ਪ੍ਰਭਾਵਿਤ ਕਰਨ ਵਾਲੇ ਰੇਹੜੀਆਂ ਵਾਲਿਆਂ ਦੇ ਖਿਲਾਫ਼ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਸਮਾਜ ਸੇਵੀ ਆਗੂਆਂ ਨੇ ਸੜਕਾਂ ਕਿਨਾਰਿਓਾ ਰੇਹੜੀਆਂ ਹਟਾਉਣ ਦੀ ਮੁਹਿੰਮ ਵਿੱਢੀ ਹੋਈ ਹੈ, ਜਿਸ ਨੂੰ ਠੱਪ ਕਰਨ ਦੇ ਮਕਸਦ ਨਾਲ ਅੱਜ ਪੁਲਿਸ ਵਲੋਂ ਇਨ੍ਹਾਂ ਸਮਾਜ ਸੇਵੀ ਆਗੂਆਂ 'ਤੇ ਮੁਕੱਦਮਾ ਦਰਜ ਕਰਦਿਆਂ ਉਨ੍ਹਾਂ ਦੀ ਫੜੋ-ਫੜਾਈ ਸ਼ੁਰੂ ਕਰ ਦਿੱਤੀ ਹੈ | ਇਹ ਮੁਕੱਦਮਾ ਇਕ ਪ੍ਰਵਾਸੀ ਰੇਹੜੀ ਚਾਲਕ ਦੇ ਬਿਆਨ ਦੇ ਆਧਾਰ 'ਤੇ ਥਾਣਾ ਕੋਤਵਾਲੀ 'ਚ ਦਰਜ ਕੀਤਾ ਹੈ | ਇਸ ਦਾ ਪਤਾ ਲੱਗਦਿਆਂ ਹੀ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਹਰਕਤ 'ਚ ਆ ਗਈਆਂ ਹਨ, ਜਿਨ੍ਹਾਂ ਨੇ ਅੱਜ ਸ਼ਹਿਰ ਦੀ ਬੰਗਲੇ ਵਾਲੀ ਧਰਮਸ਼ਾਲਾ ਵਿਚ ਵੱਡਾ ਇਕੱਠ ਸੱਦਿਆ ਹੈ ਤੇ ਇਹ ਮਾਮਲਾ ਆਉਣ ਵਾਲੇ ਦਿਨਾਂ ਅੰਦਰ ਹੋਰ ਵਧ ਸਕਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਮੁੱਖ ਅਧਿਕਾਰੀ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਕੋਲ ਦਰਜ ਕਰਵਾਏ ਬਿਆਨ ਵਿਚ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਰਹਿਣ ਵਾਲੇ ਵਿਨੇ ਯਾਦਵ ਨੇ ਦੱਸਿਆ ਕਿ 13 ਮਈ ਨੂੰ ਉਹ ਅਤੇ ਉਸ ਦੇ ਦੋਸਤ ਦਸਮੇਸ਼ ਬੱਸ ਅੱਡਾ ਨੇੜੇ ਆਪਣੀਆਂ ਰੇਹੜੀਆਂ ਖੜ੍ਹੀਆਂ ਕਰ ਰਹੇ ਸਨ ਕਿ ਕੁਝ ਲੋਕਾਂ ਨੇ ਆ ਕੇ ਉਨ੍ਹਾਂ ਨੂੰ ਘੇਰ ਲਿਆ ਬਦਸਲੂਕੀ ਕਰਦਿਆਂ ਕਥਿਤ ਤੌਰ 'ਤੇ ਉਨ੍ਹਾਂ ਦਾ ਭਾਸ਼ਾ ਅਤੇ ਨਸਲ ਤੌਰ 'ਤੇ ਅਪਮਾਨ ਕੀਤਾ ਅਤੇ ਉਨ੍ਹਾਂ ਨੂੰ ਸ਼ਹਿਰ ਨਾ ਛੱਡਣ 'ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ, ਜਿਸ ਦੇ ਆਧਾਰ 'ਤੇ ਗੁਰਵਿੰਦਰ ਸ਼ਰਮਾ ਤੇ ਦਲਵੀਰ ਸਿੰਘ ਸਮੇਤ ਚਾਰ-ਪੰਜ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਗੁਰਵਿੰਦਰ ਸ਼ਰਮਾ ਤੇ ਦਲਵੀਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕੀ ਬਾਕੀਆਂ ਦੀ ਗਿ੍ਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ | ਇਸ ਸਬੰਧੀ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਕੁਝ ਰੇਹੜੀ ਵਾਲਿਆਂ ਨੂੰ ਸੜਕਾਂ ਕਿਨਾਰੇ ਅਤੇ ਆਪਣੀ ਮਨਮਰਜ਼ੀ ਨਾਲ ਥਾਂ-ਥਾਂ 'ਤੇ ਰੇਹੜੀਆਂ ਲਗਾ ਕੇ ਜਿਥੇ ਆਵਾਜਾਈ ਠੱਪ ਕੀਤੀ ਹੋਈ ਹੈ, ਉਥੇ ਸ਼ਹਿਰ ਦਾ ਮਾਹੌਲ ਵੀ ਵਿਗਾੜਦੇ ਹਨ, ਜਿਨ੍ਹਾਂ ਨੂੰ ਸਮਝਾਉਣ ਲਈ ਸਮਾਜ ਸੇਵੀ ਆਗੂਆਂ ਨੇ ਉਕਤ ਮੁਹਿੰਮ ਚਲਾਈ ਸੀ, ਪਰ ਕੁਝ ਲੋਕ ਇਸ ਨੂੰ ਗਲਤ ਰੰਗਤ ਦੇ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਤਹਿਤ ਸਮਾਜ ਸੇਵੀ ਆਗੂਆਂ 'ਤੇ ਪੁਲਿਸ ਕਾਰਵਾਈ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਖਿਲਾਫ ਅੱਜ ਬਠਿੰਡਾ ਦੀ ਬੰਗਲੇਵਾਲੀ ਧਰਮਸ਼ਾਲਾ ਵਿਚ ਸਮਾਜ ਸੇਵੀ ਸੰਸਥਾਵਾਂ ਦਾ ਇਕੱਠ ਸੱਦਿਆ ਹੈ |

ਪਿਛਲੀ ਖ਼ਬਰ ਸ਼ਾਨਦਾਰ ਰਿਹਾ ਸ੍ਰੀ ਗੁਰੂ ਹਰਿਗੋਬਿੰਦ ਸਕੂਲ ਨਥਾਣਾ ਦਾ ਨਤੀਜਾ ਅਗਲੀ ਖ਼ਬਰ ਚੁਸਪਿੰਦਰਬੀਰ ਸਿੰਘ ਚਹਿਲ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਚੁਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।