ਸੰਗਤ ਮੰਡੀ, 19 ਮਈ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਵਿਖੇ ਨਗਰ ਕੌਂਸਲ ਚੋਣਾਂ ਦੌਰਾਨ ਕਾਗ਼ਜ਼ ਵਾਪਸੀ ਦੇ ਦਿਨ ਚੋਣ ਅਮਲੇ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ 2, ਆਜ਼ਾਦ (ਅਕਾਲੀ ਸਮਰਥਕ) 1 ਅਤੇ ਇਕ 'ਆਪ' ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ | ਅਕਾਲੀ ਸਮਰਥਕਾਂ ਨੇ ਲੱਡੂ ਵੰਡੇ, ਭੰਗੜੇ ਪਾਏ ਅਤੇ ਰੰਗ ਉਡਾ ਕੇ ਖ਼ੁਸ਼ੀਆਂ ਮਨਾਈਆਂ | ਨਗਰ ਕੌਂਸਲ ਸੰਗਤ ਦੇ ਕੁੱਲ 9 ਵਾਰਡਾਂ ਵਿਚੋਂ 4, 5, 7 ਅਤੇ 8 ਨੰਬਰ ਵਾਰਡਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ | 4 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ (ਅਕਾਲੀ ਸਮਰਥਕ) ਰਾਹੁਲ ਗੋਇਲ ਪੁੱਤਰ ਰਾਜਿੰਦਰ ਕੁਮਾਰ ਦੀ ਵੱਡੀ ਜਿੱਤ ਮੰਨੀ ਜਾ ਰਹੀ ਹੈ | 5 ਨੰਬਰ ਵਾਰਡ ਤੋਂ ਨਗਰ ਕੌਂਸਲ ਸੰਗਤ ਦੇ ਸਾਬਕਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਦੀ ਪਤਨੀ ਰਿੰਕੂ ਰਾਣੀ ਅਕਾਲੀ ਉਮੀਦਵਾਰ, 7 ਨੰਬਰ ਵਾਰਡ ਤੋਂ 'ਆਪ' ਉਮੀਦਵਾਰ ਕੁਲਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਅਤੇ 8 ਨੰਬਰ ਵਾਰਡ ਤੋਂ ਰਾਜਵਿੰਦਰ ਸਿੰਘ 'ਰਾਜੀ' ਪੁੱਤਰ ਜਵਾਲਾ ਸਿੰਘ ਬਿਨਾ ਮੁਕਾਬਲਾ ਚੋਣ ਜਿੱਤ ਗਏ ਹਨ | ਬਾਕੀ 5 ਵਾਰਡਾਂ ਲਈ 11 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ, ਜੋ 26 ਮਈ ਨੂੰ ਹੋਣ ਵਾਲੀਆਂ ਚੋਣਾਂ 'ਚ ਆਪਣੀ ਕਿਸਮਤ ਅਜ਼ਮਾਉਣਗੇ | ਮੁੱਖ ਮੁਕਾਬਲਾ 'ਤੱਕੜੀ' ਅਤੇ 'ਝਾੜੂ' ਚੋਣ ਨਿਸ਼ਾਨ ਵਾਲੇ ਉਮੀਦਵਾਰਾਂ ਵਿਚਕਾਰ ਹੋਵੇਗਾ | ਜਿੱਥੇ ਵਾਰਡ ਨੰਬਰ 1 (ਪੱਛੜੀਆਂ ਜਾਤੀਆਂ ਲਈ ਰਾਖਵਾਂ) ਵਿਚ ਆਮ ਆਦਮੀ ਪਾਰਟੀ ਦੀ ਮਾਇਆ ਦੇਵੀ ਪਤਨੀ ਗੁਰਮੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕਮਲਜੀਤ ਕੌਰ ਪਤਨੀ ਹਰਦੀਪ ਸਿੰਘ ਵਿਚਕਾਰ ਕਾਂਟੇ ਦੀ ਟੱਕਰ ਹੋਵੇਗੀ | ਵਾਰਡ ਨੰਬਰ 2 ਔਰਤਾਂ ਲਈ ਰਾਖਵਾਂ ਵਿੱਚ ਸਰੋਜ ਰਾਣੀ (ਆਪ) ਪਤਨੀ ਰੋਸ਼ਨ ਲਾਲ ਅਤੇ ਪ੍ਰਵੀਨ ਲਤਾ ਆਜ਼ਾਦ (ਅਕਾਲੀ ਦਲ ਸਮਰਥਕ) ਪਤਨੀ ਰਾਕੇਸ਼ ਕੁਮਾਰ ਵਿਚਕਾਰ ਮੁਕਾਬਲਾ ਹੋਵੇਗਾ | ਵਾਰਡ ਨੰਬਰ 3 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮਨਜਗਮੀਤ ਸਿੰਘ ਪੁੱਤਰ ਅਜਮੇਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵਿੱਕੀ ਕੁਮਾਰ ਪੁੱਤਰ ਪਿ੍ਤਪਾਲ ਵਿਚਕਾਰ ਸਿੱਧੀ ਟੱਕਰ ਹੋਵੇਗੀ | ਸਭ ਤੋਂ ਰੌਚਕ ਮੁਕਾਬਲਾ 6 ਨੰਬਰ ਵਾਰਡ ਵਿੱਚ ਹੋਵੇਗਾ, ਜਿੱਥੇ ਤਿੰਨ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਚਿਮਨ ਲਾਲ ਪੁੱਤਰ ਪ੍ਰਕਾਸ਼ ਚੰਦ, ਆਮ ਆਦਮੀ ਪਾਰਟੀ ਦੇ ਜਗਦੀਸ਼ ਚੰਦ ਪੁੱਤਰ ਮਦਨ ਲਾਲ ਅਤੇ ਆਜ਼ਾਦ ਉਮੀਦਵਾਰ ਰਮੇਸ਼ ਕੁਮਾਰ ਪੁੱਤਰ ਸੋਮ ਚੰਦ ਵਿਚਕਾਰ ਤਿਕੋਣੀ ਟੱਕਰ ਹੋਵੇਗੀ | ਇਸੇ ਤਰ੍ਹਾਂ 9 ਨੰਬਰ ਵਾਰਡ 'ਚ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਲਗਾਤਾਰ ਦੋ ਵਾਰ ਦੇ ਕੌਂਸਲਰ ਰਹੇ ਰਣਜੀਤ ਸਿੰਘ 'ਨਿੱਕਾ' ਪੁੱਤਰ ਜੈਲਾ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਗੁਰਚਰਨ ਸਿੰਘ ਪੁੱਤਰ ਕਪੂਰ ਸਿੰਘ ਵਿਚਕਾਰ ਚੋਣ ਮੁਕਾਬਲਾ ਹੋਵੇਗਾ |