ਬੋਹਾ, 4 ਜੂਨ (ਰਮੇਸ਼ ਤਾਂਗੜੀ)- ਸਥਾਨਕ ਨਗਰ ਪੰਚਾਇਤ ਲਈ 44 ਉਮੀਦਵਾਰਾਂ ਵਿਚਕਾਰ ਹੋਏ ਗਹਿਗੱਚ ਮੁਕਾਬਲੇ ਉਪਰੰਤ ਸਾਰੇ ਵਾਰਡਾਂ 'ਚ ਕੌਂਸਲਰ ਚੁਣ ਲਏ ਗਏ ਹਨ | ਸਥਾਨਕ ਵਾਰਡ ਨੰਬਰ 10 'ਚ ਸ਼ੋ੍ਰਮਣੀ ਅਕਾਲੀ ਦਲ ਦੇ ਗੁਰਮੀਤ ਸਿੰਘ ਅਤੇ ਪ੍ਰਦੀਪ ਗੋਇਲ ਬਿੱਟੂ ਦੋਵੇਂ 256-256 ਵੋਟਾਂ ਨਾਲ ਬਰਾਬਰ ਰਹੇ, ਜਿਸ ਕਾਰਨ ਨਤੀਜਾ ਐਲਾਨਣ 'ਚ ਦੇਰੀ ਕੀਤੀ ਗਈ | ਦੋਵਾਂ ਵਿਚਕਾਰ ਟਾਸ ਪਾਇਆ ਗਿਆ ਅਤੇ ਗੁਰਮੀਤ ਸਿੰਘ ਜੇਤੂ ਰਹੇ | ਸਾਰੇ ਵਾਰਡਾਂ 'ਚੋਂ ਸ਼ੋ੍ਰਮਣੀ ਅਕਾਲੀ ਦਲ ਨੂੰ 4, ਆਮ ਆਦਮੀ ਪਾਰਟੀ ਨੂੰ 3 ਅਤੇ 6 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਪ੍ਰਾਪਤ ਹੋਈ | ਪ੍ਰਮੁੱਖ ਰਾਜਸੀ ਪਾਰਟੀਆਂ ਭਾਜਪਾ ਤੇ ਕਾਂਗਰਸ ਦਾ ਕੋਈ ਵੀ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ | ਹੁਣ ਪਾਰਟੀਆਂ ਨੂੰ ਆਜ਼ਾਦ ਉਮੀਦਵਾਰਾਂ ਦੀ ਸਹਾਇਤਾ ਨਾਲ ਪ੍ਰਧਾਨ ਦੀ ਚੋਣ ਕਰਨੀ ਪਵੇਗੀ | ਪੂਰਾ ਨਤੀਜਾ ਵਾਚਣ ਤੋਂ ਬਾਅਦ ਸਾਫ਼ ਹੈ ਕਿ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਸਰਬਜੀਤ ਕੌਰ, 3 ਤੋਂ ਐਡਵੋਕੇਟ ਮਨਜੀਤ ਸਿੰਘ ਗੋਲਡੀ ਨੂੰ ਜਿੱਤ ਪ੍ਰਾਪਤ ਹੋਈ ਹੈ | ਹੁਣ ਜਦੋਂ ਪ੍ਰਧਾਨ ਦੀ ਚੋਣ ਬਾਰੇ ਸ਼ਹਿਰ 'ਚ ਚਰਚਾ ਚੱਲ ਰਹੀ ਹੈ ਤਾਂ ਮਨਜੀਤ ਸਿੰਘ ਗੋਲਡੀ ਦੇ ਪਰਿਵਾਰ 'ਚ 8 ਵਾਰ ਪਿੰਡ ਦੀ ਕਮਾਨ ਰਹੀ ਹੈ ਅਤੇ ਲੋਕ ਉਸ ਦੇ ਪ੍ਰਧਾਨ ਬਣਨ ਦੀ ਤਾਈਦ ਕਰ ਰਹੇ ਹਨ | ਇਸੇ ਤਰ੍ਹਾਂ ਲੋਕ ਵਾਰ-ਵਾਰ ਗੋਲਡੀ ਨੂੰ ਪ੍ਰਧਾਨ ਬਣਾਉਣ ਦੀ ਮੰਗ ਕਰ ਰਹੇ ਹਨ | ਇਸੇ ਤਰ੍ਹਾਂ ਵਾਰਡ ਨੰਬਰ 11 ਤੋਂ ਜਿੱਤੇ ਸੁਨੀਲ ਗੋਇਲ ਨੂੰ ਪ੍ਰਧਾਨਗੀ ਪਦ ਦਾ ਤਜਰਬਾ ਹੈ | ਸੁਨੀਲ ਨੇ ਆਪ ਦੇ ਉਮੀਦਵਾਰ ਨੂੰ ਹਰਾਇਆ ਹੈ | ਵਾਰਡ ਨੰਬਰ 13 ਤੋਂ ਆਪ ਪਾਰਟੀ ਦੇ ਜਗਸੀਰ ਸਿੰਘ ਜੱਗਾ ਨੇ ਦੂਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ | ਵਾਰਡ ਨੰਬਰ 6 ਤੋਂ ਗੁਰਮੀਤ ਸਿੰਘ, ਕੁਲਵੰਤ ਸਿੰਘ, ਵਾਰਡ ਨੰਬਰ 4 ਤੋਂ ਸੰਤੋਖ ਸਿੰਘ ਨੇ ਆਮ ਆਦਮੀ ਪਾਰਟੀ ਵਲੋਂ ਜਿੱਤ ਹਾਸਲ ਕੀਤੀ ਹੈ | ਭਾਵੇਂ ਸਿਆਸੀ ਪਾਰਟੀਆਂ ਦੇ ਆਗੂ ਆਜ਼ਾਦ ਉਮੀਦਵਾਰਾਂ ਨਾਲ ਤਾਲਮੇਲ ਕਰ ਕੇ ਪ੍ਰਧਾਨਗੀ ਦੀ ਚੋਣ ਦਾ ਮਾਮਲਾ ਹੱਲ ਕਰ ਰਹੇ ਹਨ ਪਰ ਇੱਧਰ ਮਨਜੀਤ ਸਿੰਘ ਗੋਲਡੀ, ਸੁਨੀਲ ਗੋਇਲ, ਕਿ੍ਪਾਲ ਸਿੰਘ, ਕੁਲਵੰਤ ਸਿੰਘ, ਬਾਦਲ ਸਿੰਘ, ਸਰਬਜੀਤ ਕੌਰ, ਪਰਮਜੀਤ ਕੌਰ ਵਿਚਕਾਰ ਪ੍ਰਧਾਨਗੀ ਲਈ ਦੌੜ ਚੱਲ ਰਹੀ ਹੈ | ਸ਼ਹਿਰ ਦੇ ਲੋਕਾਂ ਵਲੋਂ ਆਜ਼ਾਦ ਉਮੀਦਵਾਰ ਨੂੰ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ |