ਭੀਖੀ, 4 ਜੂਨ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਮੋਜੋਂ ਖ਼ੁਰਦ ਵਿਖੇ ਮਾਲ ਵਿਭਾਗ ਵਲੋਂ ਜ਼ਮੀਨ ਦੀ ਕੀਤੀ ਨਿਸ਼ਾਨਦੇਹੀ ਦੀ ਨਕਲ ਕਿਸਾਨ ਨੂੰ ਮੁਹੱਈਆ ਨਾ ਕਰਵਾਉਣ ਕਾਰਨ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਸਬ ਤਹਿਸੀਲ ਵਿਖੇ ਰੋਸ ਧਰਨਾ ਦੇਣ ਉਪਰੰਤ ਇੱਥੇ ਰਾਜ ਮਾਰਗ 'ਤੇ ਆਵਾਜਾਈ ਨੂੰ ਰੋਕ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ | ਜਥੇਬੰਦੀ ਦੇ ਆਗੂ ਜਗਜੀਤ ਸਿੰਘ ਧਲੇਵਾਂ ਨੇ ਦੱਸਿਆ ਕਿ ਕਿਸਾਨ ਕੁਲਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਲੋਂ ਜ਼ਮੀਨ ਦੀ ਨਿਸ਼ਾਨਦੇਹੀ ਲਈ ਸਥਾਨਕ ਤਹਿਸੀਲ ਵਿਖੇ ਅਰਜ਼ੀ ਪੱਤਰ ਦਿੱਤਾ ਗਿਆ ਸੀ ਪ੍ਰੰਤੂ ਮਾਲ ਵਿਭਾਗ ਵਲੋਂ ਸਮੇਂ ਸਿਰ ਉਸ ਦੀ ਬੇਨਤੀ 'ਤੇ ਕਾਰਵਾਈ ਨਹੀਂ ਕੀਤੀ ਗਈ, ਜਿਸ 'ਤੇ ਯੂਨੀਅਨ ਵਲੋਂ ਕਿਸਾਨ ਦੇ ਹੱਕ 'ਚ ਖੜ੍ਹਨ ਉਪਰੰਤ ਨਿਸ਼ਾਨਦੇਹੀ ਤਾਂ ਕਰ ਦਿੱਤੀ ਗਈ ਪਰ ਹਾਲੇ ਤੱਕ ਉਸ ਦੀ ਕਾਪੀ ਬਿਨੈਕਾਰ ਨੂੰ ਨਹੀਂ ਦਿੱਤੀ ਗਈ | ਉਨ੍ਹਾਂ ਦੋਸ਼ ਲਗਾਇਆ ਕਿ ਵਿਭਾਗ ਉੱਚ ਅਧਿਕਾਰੀ ਦੇ ਦਬਾਅ ਕਾਰਨ ਕਿਸਾਨ ਨੂੰ ਨਕਲ ਮੁਹੱਈਆ ਨਹੀਂ ਕਰਵਾ ਰਿਹਾ | ਡੀ.ਐਸ.ਪੀ. ਸਬ ਡਵੀਜ਼ਨ ਮਾਨਸਾ ਹਰਜਿੰਦਰ ਸਿੰਘ ਗਿੱਲ ਦੇ ਦਿੱਤੇ ਭਰੋਸੇ ਕਿ 1-2 ਦਿਨਾਂ 'ਚ ਨਕਲ ਦੇ ਦਿੱਤੀ ਜਾਵੇਗੀ, ਤਾਂ ਧਰਨਾ ਚੁੱਕ ਲਿਆ ਗਿਆ | ਇਸ ਸੰਬੰਧੀ ਜਦੋਂ ਨਾਇਬ ਤਹਿਸੀਲਦਾਰ ਅਤੇ ਕਾਨੰੂਗੋ ਤੋਂ ਜਾਣਕਾਰੀ ਹਾਸਿਲ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ | ਧਰਨੇ ਨੂੰ ਮਹਿੰਦਰ ਸਿੰਘ ਭੈਣੀਬਾਘਾ, ਰਾਜਪਾਲ ਸਿੰਘ ਅਲੀਸ਼ੇਰ, ਮਨਜੀਤ ਸਿੰਘ ਮਾਖਾ, ਗੁਰਮੀਤ ਸਿੰਘ ਭੁਪਾਲ ਨੇ ਵੀ ਸੰਬੋਧਨ ਕੀਤਾ |
ਮਾਲ ਵਿਭਾਗ ਵਲੋਂ ਨਿਸ਼ਾਨਦੇਹੀ ਦੀ ਨਕਲ ਨਾ ਦੇਣ ਦੇ ਰੋਸ ਵਜੋਂ ਕਿਸਾਨਾਂ ਵਲੋਂ ਸੜਕ ਜਾਮ <br/>
ਭੀਖੀ ਸੁਨਾਮ ਸੜਕ 'ਤੇ ਧਰਨਾ ਦਿੰਦੇ ਹੋਏ ਜਥੇਬੰਦੀ ਦੇ ਕਾਰਕੁਨ ਤੇ ਕਿਸਾਨ | ਤਸਵੀਰ : ਬਲਕਾਰ ਸਿੰਘ ਸਹੋਤਾ <br/>
05-06-2026