ਮਾਨਸਾ, 17 ਜੂਨ (ਸ.ਰਿ.)- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਦੇ ਸੱਦੇ ‘ਤੇ ਪੰਜਾਬ ਸਰਕਲ ਦੇ ਸਮੂਹ ਗ੍ਰਾਮੀਣ ਡਾਕ ਕਰਮਚਾਰੀ 3 ਜੁਲਾਈ ਤੋਂ ਹੱਕੀ ਮੰਗਾਂ ਮਨਵਾਉਣ ਅਤੇ ਵਿਭਾਗ ਦੀ ਧੱਕੇਸ਼ਾਹੀ ਵਿਰੁੱਧ ਲੜੀਵਾਰ ਡਿਵੀਜ਼ਨ ਪੱਧਰ ‘ਤੇ ਧਰਨੇ ਲਾਉਣਗੇ। ਬਠਿੰਡਾ ਡਿਵੀਜ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਤੇ ਸਕੱਤਰ ਪਰਮਜੀਤ ਕੌਰ ਨੇ ਦੱਸਿਆ ਕਿ ਵਿਭਾਗ ਟਾਰਗੈਟ ਦੇ ਨਾਂਅ ‘ਤੇ ਗ੍ਰਾਮੀਣ ਡਾਕ ਕਰਮਚਾਰੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਕਰਮਚਾਰੀਆਂ ਨੂੰ ਵਿਭਾਗੀ ਮੰਨਣ ਤੋਂ ਇਨਕਾਰੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਗਾਂ ਵਿੱਚ ਡਿਊਟੀ 4 ਜਾਂ 5 ਘੰਟਿਆਂ ਤੋਂ ਵਧਾਕੇ 8 ਘੰਟੇ ਕਰ ਕੇ ਪੱਕੇ ਕਰਮਚਾਰੀ ਦਾ ਦਰਜਾ ਦੇਣਾ, ਛੁੱਟੀਆਂ ਦੇ ਬਣਦੇ ਪੈਸੇ ਦੇਣਾ, ਕੈਸ਼ ਦੇ ਲੈਣ ਦੇਣ ਦੀ ਸਮੱਸਿਆ ਦਾ ਪੱਕਾ ਹੱਲ ਕਰਨਾ, 8ਵੇਂ ਪੇਅ ਕਮਿਸ਼ਨ ‘ਚ ਸ਼ਾਮਿਲ ਕਰਨਾ, ਮੈਡੀਕਲ ਸਹੂਲਤ ਦੇਣਾ ਹੋਰ ਵੀ ਕਈ ਤਰ੍ਹਾਂ ਦੇ ਭੱਤਿਆਂ ਦੀ ਕਟੌਤੀ ਦੀ ਬਹਾਲੀ ਕਰਨਾ ਆਦਿ ਹਨ। ਉਨ੍ਹਾਂ ਦੱਸਿਆ ਕਿ 3 ਜੁਲਾਈ ਨੂੰ ਅੰਮ੍ਰਿਤਸਰ, 6 ਨੂੰ ਹੁਸ਼ਿਆਰਪੁਰ, 10 ਨੂੰ ਗੁਰਦਾਸਪੁਰ, 13 ਨੂੰ ਕਪੂਰਥਲਾ, 17 ਨੂੰ ਬਠਿੰਡਾ, 20 ਨੂੰ ਫ਼ਿਰੋਜ਼ਪੁਰ, 24 ਨੂੰ ਲੁਧਿਆਣਾ, 27 ਨੂੰ ਸੰਗਰੂਰ, 31 ਨੂੰ ਪਟਿਆਲਾ ਅਤੇ 1 ਅਗਸਤ ਨੂੰ ਜਲੰਧਰ ਵਿਖੇ ਧਰਨਾ ਦਿੱਤਾ ਜਾਵੇਗਾ।