ਡਡਵਿੰਡੀ, 13 ਫਰਵਰੀ (ਦਿਲਬਾਗ ਸਿੰਘ ਝੰਡ) - ਸਰਕਾਰੀ ਹਾਈ ਸਮਾਰਟ ਸਕੂਲ ਹੈਬਤਪੁਰ ਵਿਖੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਸਕੂਲ ਕੈਂਪਸ ਵਿਚ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਦੌਰਾਨ ਲਾਜਵਾਬ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਹੋਰ ਵੀ ਚਾਰ ਚੰਨ੍ਹ ਲਗਾਏ ਗਏ | ਇਸ ਮੌਕੇ ਸਕੂਲ ਮੁਖੀ ਜਗਜੀਤ ਸਿੰਘ ਥਿੰਦ ਨੇ ਆਪਣੇ ਸੰਬੋਧਨ ਵਿਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਨੂੰ ਮਿਹਨਤ ਤੇ ਇਮਾਨਦਾਰੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਅਧਿਆਪਕਾਂ ਨੇ ਵੀ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਜੀਵਨ ਵਿਚ ਉੱਚੀਆਂ ਮੰਜਿਲਾਂ ਹਾਸਲ ਕਰਨ ਦੀ ਪੇ੍ਰਰਨਾ ਦਿੱਤੀ | ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸਕੂਲੀ ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਅਧਿਆਪਕਾਂ ਅਤੇ ਸਾਥੀਆਂ ਦਾ ਧੰਨਵਾਦ ਕੀਤਾ | ਸਮਾਰੋਹ ਦੇ ਅੰਤ ਵਿਚ ਯਾਦਗਾਰੀ ਤਸਵੀਰ ਖਿਚਵਾਈ ਗਈ ਤੇ ਮਿਠਾਈ ਵੰਡ ਕੇ ਖ਼ੁਸ਼ੀ ਮਨਾਈ ਗਈ | ਮੌਕੇ ਆਸ਼ੂ ਚੋਪੜਾ, ਸੁਖਜਿੰਦਰ ਸਿੰਘ, ਅਨੂਦੀਪ ਕੌਰ, ਦਲਬੀਰ ਕੌਰ, ਰਾਜਵੀਰ ਕੌਰ, ਸੌਰਭ ਚੋਪੜਾ ਤੇ ਅਮਿਤਪਾਲ ਸਿੰਘ ਆਦਿ ਹਾਜ਼ਰ ਸਨ |