ਗੁਰਦੁਆਰਾ ਸੰਤਸਰ ਸਾਹਿਬ ਵਿਖੇ ਜਾਂਚ ਕੈਂਪ ਅੱਜ
ਅਜੀਤ ਡੈਸਕ
14-02-2026
ਸੁਭਾਨਪੁਰ, 13 ਫਰਵਰੀ (ਸਤਨਾਮ ਸਿੰਘ)- ਸੁਭਾਨਪੁਰ ਦੇ ਨਜ਼ਦੀਕੀ ਪਿੰਡ ਰਮੀਦੀ ਦੇ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਪ੍ਰਵਾਸੀ ਭਾਰਤੀਆਂ ਸੂਬੇਦਾਰ ਅਜੀਤ ਸਿੰਘ ਸੁਭਾਨਪੁਰ, ਰਘਬੀਰ ਸਿੰਘ ਸੁਭਾਨਪੁਰ, ਬਲਵਿੰਦਰ ਸਿੰਘ ਸੁਭਾਨਪੁਰ, ਸੁਖਵਿੰਦਰ ਸਿੰਘ ਸੁਭਾਨਪੁਰ ਸਾਰੇ ਯੂ.ਐਸ.ਏ. ਤੇ ਮੱਖਣ ਸਿੰਘ ਰਮੀਦੀ ਯੂ.ਐਸ.ਏ. ਤੋਂ ਇਲਾਵਾ ਪਿੰਡ ਵਾਸੀਆਂ ਤੇ ਐਨ.ਆਰ.ਆਈ. ਵੀਰਾ ਦੇ ਸਹਿਯੋਗ ਨਾਲ ਬਿਮਾਰੀ ਕੈਂਸਰ ਤੇ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਲਈ ਮੁਫ਼ਤ ਕੈਂਪ 14 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ | ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਵੱਲੋਂ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਉਨ੍ਹਾਂ ਦੇ ਡਾਕਟਰਾਂ ਦੀ ਟੀਮ ਕੈਂਸਰ ਸੰਬੰਧੀ ਬਿਮਾਰੀਆਂ ਦੇ ਟੈੱਸਟ ਤੇ ਮਰੀਜ਼ਾਂ ਦਾ ਚੈੱਕਅਪ ਕਰਨਗੇ | ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਕੈਂਪ 'ਚ ਅੱਖਾਂ ਦੀਆਂ ਬਿਮਾਰੀਆਂ ਸੰਬੰਧੀ ਮਰੀਜ਼ਾਂ ਦੇ ਚੈੱਕਅਪ ਕੀਤੇ ਜਾਣਗੇ | ਇਸ ਤੋਂ ਇਲਾਵਾ ਸ਼ੂਗਰ, ਬੀ.ਪੀ., ਔਰਤਾਂ ਦੀਆਂ ਬਿਮਾਰੀਆਂ ਸੰਬੰਧੀ ਟੈੱਸਟ, ਗਦੂਦਾਂ ਦੀ ਜਾਂਚ, ਬਲੱਡ ਕੈਂਸਰ ਦੇ ਟੈੱਸਟ, ਮੂੰਹ ਤੇ ਗਲੇ ਦੀ ਜਾਂਚ ਆਦਿ ਦੇ ਟੈੱਸਟ ਕੀਤੇ ਜਾਣਗੇ | ਇਸ ਮੌਕੇ ਕੇਵਲ ਸਿੰਘ ਬੱਲ ਤੇ ਜੱਗੀ ਬੱਲ ਜਰਮਨੀ ਨੇ ਦੱਸਿਆ ਕਿ ਗੁਰਦੁਆਰਾ ਸੰਤ ਸਰ ਸਾਹਿਬ ਵਿਖੇ 15 ਫਰਵਰੀ ਦਿਨ ਐਤਵਾਰ ਨੂੰ ਸਮੂਹ ਨਗਰ ਨਿਵਾਸੀ ਸੰਗਤਾਂ ਤੇ ਐਨ. ਆਰ. ਆਈ. ਵੀਰਾ ਦੇ ਸਹਿਯੋਗ ਨਾਲ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਕ ਦਿਨਾਂ ਪਹਿਲਾ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ | ਪਹਿਲਾ ਸਵੇਰੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ | ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਵਿਚ ਢਾਡੀ ਜਥਾ ਭਾਈ ਗੁਰਪ੍ਰਤਾਪ ਸਿੰਘ ਪਦਮਸ੍ਰੀ, ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ, ਕਵੀਸ਼ਰੀ ਜਥਾ ਭਾਈ ਸੰਦੀਪ ਸਿੰਘ ਮਹਿਮਾ, ਰਾਗੀ ਜਥਾ ਭਾਈ ਕੁਲਵੀਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸੰਤਸਰ ਸਾਹਿਬ ਤੇ ਕਵੀਸ਼ਰੀ ਜਥਾ ਭਾਈ ਮੱਖਣ ਸਿੰਘ ਦਸਮੇਸ਼ ਨਗਰ ਵਾਲੇ ਗੁਰੂ ਜੱਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ |