ਸੁਭਾਨਪੁਰ, 14 ਫਰਵਰੀ (ਸਤਨਾਮ ਸਿੰਘ)- ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਇਕ ਐਨ.ਆਰ.ਆਈ. ਨਾਲ ਧੋਖਾਧੜੀ ਕਰਨ ਤੇ ਫਗਵਾੜਾ ਨਾਲ ਸਬੰਧਿਤ ਇੱਕ ਬਾਬੇ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਬਿਕਰਮਜੀਤ ਚੌਹਾਨ ਨੇ ਦੱਸਿਆ ਕਿ ਐੱਸ.ਐੱਸ.ਪੀ. ਕਪੂਰਥਲਾ ਗੌਰਵ ਤੂਰਾ ਨੂੰ ਦਵਿੰਦਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਹਮੀਰਾ ਹਾਲ ਵਾਸੀ ਯੂ.ਐਸ.ਏ. ਨੇ ਲਿਖਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਬਾਬਾ ਗੁਰਪਾਲ ਸਿੰਘ ਵਾਸੀ ਫਗਵਾੜਾ ਜੋ ਇਸ ਨੂੰ ਅਮਰੀਕਾ ਵਿਖੇ ਹੀ ਮਿਲਿਆ ਸੀ ਤੇ ਮੈਨੂੰ ਅੰਧ ਵਿਸ਼ਵਾਸ ਵਿਚ ਫਸਾ ਕੇ ਧੋਖਾ ਕਰਦਾ ਰਿਹਾ | ਇਸ ਨੇ ਧੋਖੇ ਨਾਲ ਮੇਰੀ ਜ਼ਮੀਨ ਜੋ ਪਿੰਡ ਹਮੀਰਾ ਵਿਖੇ ਪੈਂਦੀ ਹੈ | ਮੇਰੇ ਪੁੱਛੇ ਤੋਂ ਬਗੈਰ ਹੀ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤੀ ਹੈ | ਜ਼ਮੀਨ ਵੇਚਣ ਤੋਂ ਬਾਅਦ ਇਸ ਨੇ ਮੈਨੂੰ ਕੋਈ ਵੀ ਪੈਸਾ ਨਹੀਂ ਦਿੱਤਾ | ਉਲਟਾ ਮੈਨੂੰ ਅੰਧ ਵਿਸ਼ਵਾਸ ਵਿਚ ਫਸਾ ਕੇ ਕਹਿੰਦਾ ਰਿਹਾ ਕੇ ਤੇਰਾ ਸਮਾਂ ਮਾੜਾ ਚੱਲ ਰਿਹਾ ਹੈ | ਤੇਰੇ ਪਾਠ ਕਰਨੇ ਹਨ | ਮੇਰੇ ਕੋਲੋਂ ਕਾਫ਼ੀ ਸਮਾਂ ਇਸ ਤਰ੍ਹਾਂ ਹੀ ਪੈਸੇ ਲੈਂਦਾ ਰਿਹਾ ਹੈ | ਥਾਣਾ ਸੁਭਾਨਪੁਰ ਦੇ ਮੁਖੀ ਨੇ ਦੱਸਿਆ ਕਿ ਸੀਨੀਅਰ ਅਫ਼ਸਰਾਂ ਵੱਲੋਂ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਬਾਬਾ ਗੁਰਪਾਲ ਸਿੰਘ ਖ਼ਿਲਾਫ਼ ਧੋਖਾਧੜੀ ਕਰਨ ਤੇ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |