24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੰਤ ਸੀਚੇਵਾਲ ਵਲੋਂ ਪੰਜਾਬ ਤੋਂ ਬਾਹਰਲੇ ਤਖ਼ਤ ਸਾਹਿਬਾਨ ਲਈ ਸਿੱਧੀਆਂ ਹਵਾਈ ਉਡਾਣਾਂ ਦੀ ਮੰਗ

ਅਜੀਤ ਡੈਸਕ 18-02-2026
ਰੇਲਵੇ ਕੁਨੈਕਟਿਵਿਟੀ ਵਧਾਉਣ, ਏਅਰਲਾਈਨਾਂ ਦੀਆਂ ਮਨਮਾਨੀਆਂ ਰੋਕਣ ਦੀ ਕੀਤੀ ਮੰਗ
ਸੁਲਤਾਨਪੁਰ ਲੋਧੀ, 17 ਫਰਵਰੀ (ਨਰੇਸ਼ ਹੈਪੀ, ਥਿੰਦ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਜਟ ਸੈਸ਼ਨ ਦੇ ਪਹਿਲੇ ਹਿੱਸੇ ਵਿਚ ਆਪਣੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਪੰਜਾਬ, ਖਾੜੀ ਦੇਸ਼ਾਂ ਵਿਚ ਭਾਰਤੀ ਔਰਤਾਂ ਦੀ ਖੱਜਲ ਖ਼ੁਆਰ ਰੋਕਣ, ਕੈਂਸਰ, ਨੈਸ਼ਨਲ ਹਾਈਵੇਅ ਦੇ ਪੰਜਾਬ ਵਿਚ ਰੁਕੇ ਹੋਏ ਪ੍ਰੋਜੈਕਟਾਂ ਬਾਬਤ ਤੇ ਵਾਤਾਵਰਣ ਸਮੇਤ ਲੋਕ ਭਲਾਈ ਦੇ ਮੁੱਦਿਆਂ ਨੂੰ ਛੂਹਣ ਦੇ ਯਤਨ ਕੀਤੇ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਰਾਜ ਸਭਾ ਵਿਚ ਪੰਜਾਬ ਤੋਂ ਬਾਹਰ ਦੋਵੇਂ ਤਖ਼ਤ ਸਾਹਿਬਾਨ ਨੂੰ ਸਿੱਧਾ ਹਵਾਈ ਸੇਵਾਵਾਂ ਨਾਲ ਜੋੜਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਇਤਿਹਾਸਕ ਤੇ ਧਾਰਮਿਕ ਤੌਰ 'ਤੇ ਜੁੜੇ ਸੁਲਤਾਨਪੁਰ ਲੋਧੀ ਨੂੰ ਰੇਲਵੇ ਮਾਰਗ ਰਾਹੀ ਪੰਜਾਂ ਤਖ਼ਤਾਂ ਨਾਲ ਜੋੜਨ ਦਾ ਮੁੱਦਾ ਰੱਖਿਆ ਸੀ | ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਸ੍ਰੀ ਅੰਮਿ੍ਤਸਰ ਸਾਹਿਬ, ਆਦਮਪੁਰ ਤੇ ਮੁਹਾਲੀ ਦੇ ਹਵਾਈ ਅੱਡਿਆਂ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਸਮੇਤ ਦੇਸ਼ ਵਿਚ ਸਿੱਖਾਂ ਦੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਨੂੰ ਸਿੱਧੀ ਹਵਾਈ ਸੇਵਾ ਨਾਲ ਜੋੜਿਆ ਜਾਵੇ | ਸੰਤ ਸੀਚੇਵਾਲ ਨੇ ਦੱਸਿਆ ਕਿ ਵਿਦੇਸ਼ਾਂ 'ਚ ਪੰਜਾਬੀ ਭਾਈਚਾਰਾ ਵੱਡੀ ਪੱਧਰ 'ਤੇ ਪਰਵਾਸ ਧਾਰਨ ਕਰ ਚੁੱਕਾ ਹੈ | ਉਹ ਸਾਰਾ ਸਾਲ ਤਖ਼ਤਾਂ ਸਾਹਿਬਾਨ ਦੀਆਂ ਯਾਤਰਾਵਾਂ ਕਰਦੇ ਹਨ | ਪੰਜਾਬ ਵਿਚਲੇ ਹਵਾਈ ਅੱਡਿਆਂ ਤੋਂ ਜੇ ਸਿੱਧੀ ਉਡਾਣਾਂ ਸ਼ੁਰੂ ਹੁੰਦੀਆਂ ਹਨ ਤਾਂ ਇਸ ਨਾਲ ਰੋਜ਼ਗਾਰ ਦੇ ਮੌਕੇ ਵੱਡੀ ਪੱਧਰ 'ਤੇ ਮਿਲਣਗੇ | ਦੇਸ਼ ਦੇ ਰੇਲ ਮੰਤਰਾਲੇ ਨਾਲ ਸੰਬੰਧਿਤ ਸਵਾਲਾਂ ਦੌਰਾਨ ਵਿਚ ਸੰਤ ਬਲਬੀਰ ਸਿੰਘ ਨੇ ਸੁਲਤਾਨਪੁਰ ਲੋਧੀ ਦੀ ਰੇਲ ਕਨੈਕਟਿਵਿਟੀ ਨੂੰ ਵਧਾਉਣ ਅਤੇ ਅੰਡਰਬਿ੍ਜਾਂ 'ਤੇ ਸ਼ੈੱਡ ਲਾਜ਼ਮੀ ਕਰਨ ਦੀ ਮੰਗ ਰੱਖੀ | ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਨੂੰ ਪਹਿਲਾਂ ਹੀ 22 ਟਰੇਨਾਂ ਰਾਹੀਂ ਕਈ ਵੱਡੇ ਸ਼ਹਿਰਾਂ ਨਾਲ ਜੋੜਿਆ ਹੋਇਆ ਹੈ ਅਤੇ ਨਵੇਂ ਪ੍ਰੋਜੈਕਟ ਸਾਈਟ ਦੀ ਲੋੜ ਤੇ ਸੰਭਾਵਨਾ ਤਲਾਸ਼ੀਆਂ ਜਾਣਗੀਆਂ | ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਧਾਰਮਿਕ ਯਾਤਰੀਆਂ, ਆਮ ਲੋਕਾਂ ਅਤੇ ਪੰਜਾਬ ਦੇ ਬੁਨਿਆਦੀ ਢਾਂਚੇ ਨਾਲ ਜੁੜੇ ਮੁੱਦੇ ਉਨ੍ਹਾਂ ਦੀ ਪਹਿਲ ਰਹੀ ਹੈ | ਉਹ ਆਉਣ ਵਾਲੇ ਸਮੇਂ ਵਿਚ ਵੀ ਸਰਕਾਰ 'ਤੇ ਦਬਾਅ ਬਣਾਉਂਦੇ ਰਹਿਣਗੇ, ਤਾਂ ਜੋ ਪੰਜਾਬ ਨੂੰ ਉਸ ਦਾ ਹੱਕ ਮਿਲ ਸਕੇ |
ਪਿਛਲੀ ਖ਼ਬਰ ਸੀ.ਆਈ.ਏ. ਸਟਾਫ਼ ਵਲੋਂ ਪਿਸਤੌਲ ਸਮੇਤ ਵਿਕਅਤੀ ਗਿ੍ਫ਼ਤਾਰ ਅਗਲੀ ਖ਼ਬਰ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ ਹੇਠ ਸਰਪੰਚ ਸਮੇਤ ਚਾਰ ਵਿਰੁੱਧ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।