ਕਪੂਰਥਲਾ, 17 ਫਰਵਰੀ (ਸਡਾਨਾ)-ਸੀ.ਆਈ.ਏ. ਸਟਾਫ਼ ਦੀ ਟੀਮ ਨੇ ਇਕ ਵਿਅਕਤੀ ਨੂੰ ਪਿਸਤੌਲ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਡੀ.ਐਸ.ਪੀ.ਡੀ. ਹਰਗੁਰਦੇਵ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਇੰਚਾਰਜ ਰਮਨ ਕੁਮਾਰ ਦੀ ਦੇਖ ਰੇਖ ਹੇਠ ਏ.ਐਸ.ਆਈ. ਜਸਬੀਰ ਸਿੰਘ ਨੇ ਗਸ਼ਤ ਦੌਰਾਨ ਦਾਣਾ ਮੰਡੀ ਨੇੜੇ ਕਥਿਤ ਦੋਸ਼ੀ ਜਸਪ੍ਰੀਤ ਸਿੰਘ ਉਰਫ਼ ਜੱਸੂ ਵਾਸੀ ਕੋਟਲਾ ਹੇਰਾਂ ਨਕੋਦਰ ਨੂੰ ਕਾਬੂ ਕਰਕੇ ਜਦੋਂ ਉਸਦੀ ਜਾਂਚ ਕੀਤੀ ਤਾਂ ਉਕਤ ਵਿਅਕਤੀ ਪਾਸੋਂ ਇਕ ਦੇਸੀ ਪਿਸਟਲ ਬਰਾਮਦ ਹੋਈ | ਜਿਸ ਤਹਿਤ ਉਸ ਵਿਰੁੱਧ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ ਤੇ ਮਾਨਯੋਗ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਪੁਲਿਸ ਟੀਮਾਂ ਵਲੋਂ ਕਾਬੂ ਕੀਤੇ ਵਿਅਕਤੀ ਪਾਸੋਂ ਨਜਾਇਜ਼ ਅਸਲੇ ਦੀ ਖਰੀਦ ਸਬੰਧੀ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ਤਹਿਤ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ | ਸੀ.ਆਈ.ਏ. ਇੰਚਾਰਜ ਰਮਨ ਕੁਮਾਰ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਵਿਅਕਤੀ ਜਸਪ੍ਰੀਤ ਸਿੰਘ ਵਿਰੁੱਧ ਵੱਖ-ਵੱਖ ਥਾਣਿਆਂ ਵਿਚ ਨਸ਼ਾ ਤਸਕਰੀ ਤੇ ਇਰਾਦਾ ਕਤਲ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਤਿੰਨ ਕੇਸ ਪਹਿਲਾਂ ਵੀ ਦਰਜ ਹਨ |