ਕਪੂਰਥਲਾ, 28 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਦੇ ਕਾਮਰਸ ਵਿਭਾਗ ਵਲੋਂ ਬਿਜ਼ਨਸ ਫੈਸਟ ਕਰਵਾਇਆ ਗਿਆ ਜਿਸ ਵਿਚ ਅਕਾਲ ਅਕੈਡਮੀ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ ਦੀ ਪਿ੍ੰਸੀਪਲ ਗਗਨਦੀਪ ਕੌਰ ਤੇ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੀ ਪਿ੍ੰਸੀਪਲ ਸਾਕਸ਼ੀ ਚੋਪੜਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਫੈਸਟ ਦੇ ਆਰੰਭ ਵਿਚ ਕਾਲਜ ਦੇ ਪਿ੍ੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਵਿਸ਼ੇਸ਼ ਮਹਿਮਾਨਾਂ ਨੂੰ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ | ਉਨ੍ਹਾਂ ਕਾਲਜ ਦੇ ਕਾਮਰਸ ਵਿਭਾਗ ਵਲੋਂ ਬਿਜ਼ਨਸ ਫੈਸਟ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਕਾਲਜ ਵਿਦਿਆਰਥਣਾਂ ਨੂੰ ਵਪਾਰਕ ਜਗਤ ਦੀ ਹਕੀਕਤ ਨਾਲ ਜੋੜਦੇ ਹਨ ਤੇ ਉਨ੍ਹਾਂ ਵਿਚ ਆਤਮਵਿਸ਼ਵਾਸ, ਯੋਗ ਅਗਵਾਈ ਤੇ ਪ੍ਰਬੰਧਕੀ ਗੁਣ ਵਿਕਸਿਤ ਕਰਦੇ ਹਨ | ਫੈਸਟ ਦੌਰਾਨ ਵਿਦਿਆਰਥਣਾਂ ਨੇ ਵੱਖ-ਵੱਖ ਸਟਾਲ ਲਾਏ ਜਿੱਥੇ ਉਨ੍ਹਾਂ ਮਾਰਕੀਟਿੰਗ ਬਜਟ ਬਣਾਉਣ, ਗਾਹਕ ਸੰਭਾਲ ਤੇ ਵਿਕਰੀ ਰਣਨੀਤੀ ਵਰਗੀਆਂ ਗਤੀਵਿਧੀਆਂ ਰਾਹੀਂ ਆਪਣੀ ਕਲਾਸ ਰੂਮ ਸਿੱਖਿਆ ਨੂੰ ਹਕੀਕੀ ਅਨੁਭਵ ਵਿਚ ਬਦਲਿਆ | ਇਸ ਮੌਕੇ ਪਿ੍ੰਸੀਪਲ ਗਗਨਦੀਪ ਕੌਰ ਤੇ ਪਿ੍ੰਸੀਪਲ ਸਾਕਸ਼ੀ ਚੋਪੜਾ ਨੇ ਬਿਜ਼ਨਸ ਫੈਸਟ ਵਿਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਜੇਤੂ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਉਪਰਾਲੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਸਫ਼ਲ ਉਦਯੋਗਪਤੀ ਤੇ ਆਗੂ ਬਣਨ ਲਈ ਪ੍ਰੇਰਿਤ ਕਰਦੇ ਹਨ | ਕਾਲਜ ਪਿ੍ੰਸੀਪਲ ਤੇ ਹੋਰ ਸਟਾਫ਼ ਮੈਂਬਰਾਂ ਨੇ ਦੋਵਾਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |