ਫਗਵਾੜਾ, 28 ਫਰਵਰੀ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਮੁਹੱਲਾ ਗੋਬਿੰਦਪੁਰਾ ਵਿਚ ਇੱਕ ਐਕਟਿਵਾ ਸਵਾਰ ਅਣਪਛਾਤੇ ਨੌਜਵਾਨ ਵੱਲੋਂ ਮੰਦਬੁੱਧੀ ਲੜਕੀ ਨੂੰ ਬਹਿਲਾ ਫੁਸਲਾ ਕੇ ਲੈ ਜਾਣ ਤੇ ਕਥਿਤ ਤੌਰ 'ਤੇ ਜ਼ਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵੱਲੋਂ ਲੜਕੀ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ ਹੈ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੂਰਾ ਖ਼ੁਲਾਸਾ ਹੋਵੇਗਾ | ਇਸ ਮਾਮਲੇ ਵਿਚ ਥਾਣਾ ਸਤਨਾਮਪੁਰਾ ਪੁਲਿਸ ਨੇ ਇੱਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ | ਜਾਣਕਾਰੀ ਅਨੁਸਾਰ ਲਲਿਤਾ ਪਤਨੀ ਅਰਵਿੰਦ ਨਿਵਾਸੀ ਨਿਊ ਕਾਲੋਨੀ ਗੋਬਿੰਦਪੁਰਾ, ਜੋ ਕਿ ਸਫ਼ਾਈ ਦਾ ਕੰਮ ਕਰਦੀ ਹੈ, ਉਸਦੀ ਧੀ ਜਿਸ ਦੀ ਉਮਰ ਕਰੀਬ 15-16 ਸਾਲ ਹੈ, ਨਾ ਤਾਂ ਬੋਲ ਸਕਦੀ ਹੈ ਤੇ ਮੰਦਬੁੱਧੀ ਹੈ | ਮਹਿਲਾ ਅਨੁਸਾਰ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਗਈ ਹੋਈ ਸੀ | ਇਸ ਦੌਰਾਨ ਲੜਕੀ ਘਰ ਦੇ ਬਾਹਰ ਖੜੀ ਸੀ ਕਿ ਉਕਤ ਨੌਜਵਾਨ ਐਕਟਿਵਾ 'ਤੇ ਆਇਆ ਤੇ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ | ਪਰਿਵਾਰਿਕ ਮੈਂਬਰਾਂ ਨੇ ਲੜਕੀ ਦੀ ਤਲਾਸ਼ ਸ਼ੁਰੂ ਕੀਤੀ ਤੇ ਲਗਭਗ 4 ਘੰਟਿਆਂ ਬਾਅਦ ਲੜਕੀ ਨੂੰ ਫਾਟਕ ਦੇ ਨੇੜੇ ਜ਼ਖਮੀ ਹਾਲਤ ਵਿਚ ਦੇਖਿਆ | ਘਟਨਾ ਦੀ ਜਾਣਕਾਰੀ ਤੁਰੰਤ ਥਾਣਾ ਸਤਨਾਮਪੁਰਾ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਲੜਕੀ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ | ਪੁਲਿਸ ਨੇ ਇਸ ਸਬੰਧ ਵਿਚ ਐਕਟਿਵਾ ਸਵਾਰ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਨੌਜਵਾਨ ਦੀ ਪਛਾਣ ਉਮੇਸ਼ ਪੁੱਤਰ ਮੋਹਨ ਲਾਲ ਵਾਸੀ ਭਾਨਸ਼ੰਕਰ ਬਦੋਖਰ, ਰਾਏਬਰੇਲੀ (ਉੱਤਰ ਪ੍ਰਦੇਸ਼) ਮੌਜੂਦਾ ਨਿਵਾਸੀ ਲਾਜਵਾਬ ਢਾਬਾ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਜੋਂ ਹੋਈ ਹੈ | ਥਾਣਾ ਸਤਨਾਮਪੁਰਾ ਦੀ ਐਸ.ਐਚ.ਓ. ਅਮਨਪ੍ਰੀਤ ਕੌਰ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ |