ਜਲੰਧਰ, 28 ਫਰਵਰੀ (ਸ਼ਿਵ)- ਨਗਰ ਨਿਗਮ ਦੀ ਡਰਾਈਵਰ ਟੈਕਨੀਕਲ ਤੇ ਸਿਹਤ ਸ਼ਾਖਾ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਚੱਲਦੇ ਠੇਕੇੇ 'ਤੇ ਰੱਖੇ ਗਏ ਡਰਾਈਵਰਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਹਨ ਤੇ ਜੇਕਰ ਉਨ੍ਹਾਂ ਦੀਆਂ ਤਨਖ਼ਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਬੁੱਧਵਾਰ ਤੋਂ ਕੂੜਾ ਚੁੱਕਣ ਦਾ ਕੰਮ ਬੰਦ ਕੀਤਾ ਜਾਵੇਗਾ | ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮਿਲ ਕੇ ਇਸ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਉਨ੍ਹਾਂ ਵੱਲੋਂ ਆਦੇਸ਼ ਦਿੱਤੇ ਜਾਣ ਦੇ ਬਾਵਜੂਦ ਡੀ. ਸੀ. ਐਫ. ਏ. ਵੱਲੋਂ ਤਨਖ਼ਾਹਾਂ ਜਾਰੀ ਨਹੀਂ ਹੋਈਆਂ ਹਨ | ਉਹ ਬਾਕੀ ਯੂਨੀਅਨ ਆਗੂਆਂ ਨੂੰ ਨਾਲ ਲੈ ਕੇ ਮੇਅਰ ਵਨੀਤ ਧੀਰ ਨੂੰ ਮਿਲੇ ਸਨ ਤਾਂ ਉਨ੍ਹਾਂ ਦੀ ਬਦਲੀ ਕਰਨ ਦੀ ਮੰਗ ਕੀਤੀ ਸੀ ਪਰ ਇਸ ਦੇ ਬਾਵਜੂਦ ਅਮਲ ਨਹੀਂ ਹੋਇਆ ਹੈ | ਸ਼ੰਮੀ ਲੂਥਰ ਨੇ ਦੱਸਿਆ ਕਿ ਜੇਕਰ ਮੰਗਲਵਾਰ ਤੱਕ ਤਨਖ਼ਾਹਾਂ ਜਾਰੀ ਨਾ ਹੋਈਆਂ ਤਾਂ ਉਹ ਕੂੜਾ ਚੁੱਕਣ ਦਾ ਕੰਮ ਬੰਦ ਕਰ ਦੇਣਗੇ ਕਿਉਂਕਿ ਬੁੱਧਵਾਰ ਨੂੰ ਹੋਲੀ ਦਾ ਤਿਉਹਾਰ ਵੀ ਆ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਅਫ਼ਸਰ ਤਾਂ ਮੇਅਰ ਤੇ ਕਮਿਸ਼ਨਰ ਦੀ ਨਹੀਂ ਸੁਣਦੇ ਤਾਂ ਉਹ ਯੂਨੀਅਨ ਦੀ ਕਿਸ ਤਰ੍ਹਾਂ ਨਾਲ ਸੁਣਵਾਈ ਕਰਨਗੇ | ਠੇਕੇ 'ਤੇ ਰੱਖੇ ਗਏ ਕਰਮਚਾਰੀਆਂ ਨੂੰ ਆਪਣਾ ਘਰ-ਬਾਰ ਚਲਾਉਣਾ ਮੁਸ਼ਕਲ ਹੋ ਰਿਹਾ ਹੈ | ਉਹ ਆਉਂਦੇ ਸੋਮਵਾਰ ਨੂੰ ਮੇਅਰ ਤੇ ਕਮਿਸ਼ਨਰ ਨੂੰ ਮਿਲ ਕੇ ਸਾਰੀ ਸਮੱਸਿਆ ਬਾਰੇ ਦੱਸਣਗੇ |