ਕਪੂਰਥਲਾ, 28 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਕਪੂਰਥਲਾ ਡਾ. ਮੋਨਿੰਦਰ ਕੌਰ ਦੀ ਸੇਵਾ ਮੁਕਤੀ ਦੇ ਸਬੰਧ ਵਿਚ ਸਥਾਨਕ ਸਿਵਲ ਹਸਪਤਾਲ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ, ਡੀ.ਐਫ.ਪੀ.ਓ. ਡਾ. ਰਵਜੀਤ ਸਿੰਘ ਤੇ ਹਸਪਤਾਲ ਦੇ ਸਟਾਫ਼ ਨੇ ਡਾ. ਮੋਨਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਡਾ. ਜਗਤਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸੰਜੀਵ ਭਗਤ ਤੇ ਹੋਰ ਬੁਲਾਰਿਆਂ ਨੇ ਡਾ. ਮੋਨਿੰਦਰ ਕੌਰ ਦੀਆਂ ਸਿਹਤ ਵਿਭਾਗ ਵਿਚ 32 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਡਾ. ਮੋਨਿੰਦਰ ਕੌਰ ਦੀ ਯੋਗ ਅਗਵਾਈ ਸਦਕਾ ਜ਼ਿਲ੍ਹਾ ਕਪੂਰਥਲਾ ਨੇ ਪੰਜਾਬ ਵਿਚੋਂ ਮੋਹਰੀ ਸਥਾਨ ਹਾਸਲ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਮੋਨਿੰਦਰ ਕੌਰ ਨੇ ਕਿਹਾ ਕਿ ਸੇਵਾਮੁਕਤੀ ਦਾ ਪਲ ਹਰ ਕਿਸੇ ਦੇ ਜੀਵਨ ਵਿਚ ਬਹੁਤ ਅਹਿਮ ਹੁੰਦਾ ਹੈ ਇਹ ਉਹ ਸਮਾਂ ਹੈ ਜਦੋਂ ਸੇਵਾ ਮੁਕਤ ਹੋਣ ਵਾਲਾ ਵਿਅਕਤੀ ਆਪਣੇ ਨਾਲ ਅਣਗਿਣਤ ਯਾਦਾਂ ਤੇ ਬਹੁਤ ਸਾਰੇ ਤਜਰਬੇ ਸਮੇਟ ਕੇ ਲੈ ਜਾਂਦਾ ਹੈ | ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤੇ ਜਾਣ ਲਈ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਦੀਪ ਸਿੰਘ, ਐਸ.ਐਮ.ਓ. ਡਾ. ਪਰਮਿੰਦਰ ਕੌਰ, ਡਾ. ਗੁਰਦੇਵ ਭੱਟੀ, ਸੁਪਰਡੈਂਟ ਰਾਮ ਅਵਤਾਰ, ਸੀਨੀਅਰ ਸਹਾਇਕ ਵਿਕਾਸ ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਸੀਨੀਅਰ ਸਹਾਇਕ ਪਵਨਦੀਪ ਸਿੰਘ, ਸੀਨੀਅਰ ਸਹਾਇਕ ਨਿਤਿਨ ਸ਼ਰਮਾ, ਡੀ.ਪੀ.ਐਮ. ਵਿਨੇ ਮੱਲ੍ਹਣ, ਰਾਮ ਸਿੰਘ, ਬੀਸੀਸੀ ਜੋਤੀ ਅਨੰਦ ਤੋਂ ਇਲਾਵਾ ਹੋਰ ਮੈਡੀਕਲ ਤੇ ਪੈਰਾਮੈਡੀਕਲ ਸਟਾਫ਼ ਹਾਜ਼ਰ ਸੀ |