ਸੁਲਤਾਨਪੁਰ ਲੋਧੀ, 1 ਮਾਰਚ (ਨਰੇਸ਼ ਹੈਪੀ)-ਜੱਟ ਸਭਾ ਵੈੱਲਫੇਅਰ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਪ੍ਰਧਾਨ ਮਹਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ | ਇਸ ਮੌਕੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਪੰਜਾਬ ਅੰਦਰ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਕੀਤਾ ਜਾਵੇ ਤੇ ਲੋਕਾਂ ਨੂੰ ਲੁੱਟਾਂ ਖੋਹਾਂ ਤੋਂ ਨਿਜਾਤ ਦਵਾਈ ਜਾਵੇ | ਇਸ ਮੌਕੇ ਜੱਟ ਸਭਾ ਵਲੋਂ ਬੀਤੇ ਦਿਨ ਗੁਰਦਾਸਪੁਰ ਖੇਤਰ 'ਚ ਨੌਜਵਾਨ ਰਣਜੀਤ ਸਿੰਘ ਨੂੰ ਘਰੋਂ ਫੜ ਕੇ ਪੁਲਿਸ ਮੁਕਾਬਲੇ ਵਿਚ ਮਾਰਨ ਦੀ ਪੁਰਜ਼ੋਰ ਨਿੰਦਾ ਕੀਤੀ ਗਈ ਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਅਜਿਹੇ ਝੂਠੇ ਪੁਲਿਸ ਮੁਕਾਬਲਿਆਂ ਤੋਂ ਗੁਰੇਜ਼ ਕੀਤਾ ਜਾਵੇ | ਇਸ ਮੌਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਆਪਣੇ ਨੌਜਵਾਨ ਬੱਚਿਆਂ ਨੂੰ ਗ਼ਲਤ ਅਨਸਰਾਂ ਦੇ ਪ੍ਰਭਾਵ ਤੋਂ ਸੁਚੇਤ ਕਰਨ ਤਾਂ ਜੋ ਉਹ ਗ਼ਲਤ ਪ੍ਰਭਾਵ ਹੇਠ ਆ ਕੇ ਕੋਈ ਗ਼ਲਤ ਕਦਮ ਨਾ ਚੁੱਕ ਲੈਣ ਜਿਸ ਨਾਲ ਉਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋ ਜਾਵੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਆਲੂਆਂ ਦੀ ਖੇਤੀ ਵਿਚੋਂ ਪੈ ਰਹੇ ਘਾਟੇ ਦੀ ਪੰਜਾਬ ਸਰਕਾਰ ਭਰਪਾਈ ਕਰੇ | ਇਸ ਮੌਕੇ ਜਰਨਲ ਸਕੱਤਰ ਅਜੀਤ ਸਿੰਘ ਔਜਲਾ, ਪ੍ਰਧਾਨ ਮਹਿੰਦਰ ਸਿੰਘ ਢਿੱਲੋਂ, ਬਾਬਾ ਜਸਪਾਲ ਸਿੰਘ, ਬਲਵਿੰਦਰ ਸਿੰਘ ਬੰਬ, ਨੰਬਰਦਾਰ ਸਾਹਿਬ ਸਿੰਘ ਭੁੱਲਰ, ਨੰਬਰਦਾਰ ਅਮਰਜੀਤ ਸਿੰਘ, ਹਜ਼ਾਰਾ ਸਿੰਘ ਤਲਵੰਡੀ, ਸੁਖਦੇਵ ਸਿੰਘ ਸੰਧੂ, ਸੁਖਪਾਲ ਸਿੰਘ ਭੁੱਲਰ, ਜਗਜੀਤ ਸਿੰਘ ਚੀਮਾ, ਸੁਖਜਿੰਦਰ ਸਿੰਘ ਕਬੀਰਪੁਰ, ਦਵਿੰਦਰ ਸਿੰਘ ਬੂਸੋਵਾਲ ਆਦਿ ਵੀ ਹਾਜ਼ਰ ਸਨ |