ਫਗਵਾੜਾ, 1 ਮਾਰਚ (ਹਰਜੋਤ ਸਿੰਘ ਚਾਨਾ)-ਸੋਸ਼ਲ ਮੀਡੀਆ 'ਤੇ ਸਥਾਨਕ ਪੁਲਿਸ ਥਾਣੇ 'ਚ ਧਮਾਕੇ ਦੇ ਦਾਅਵੇ ਨਾਲ ਪੈਦਾ ਹੋਈ ਘਬਰਾਹਟ ਤੋਂ ਬਾਅਦ ਸਨਿਚਰਵਾਰ ਰਾਤ ਫਗਵਾੜਾ 'ਚ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਚੈਕਿੰਗ ਮੁਹਿੰਮ ਚਲਾਈ ਗਈ | ਡੀ. ਆਈ. ਜੀ. ਨਵੀਨ ਸਿੰਗਲਾ, ਐਸ. ਐਸ. ਪੀ. ਹਰਵਿੰਦਰ ਸਿੰਘ ਵਿਰਕ ਤੇ ਐਸ. ਪੀ. ਮਾਧਵੀ ਸ਼ਰਮਾ ਨੇ ਖ਼ੁਦ ਸ਼ਹਿਰ ਤੇ ਸਤਨਾਮਪੁਰਾ ਥਾਣਿਆਂ ਸਮੇਤ ਪੇਪਰ ਚੌਕ ਤੇ ਬੱਸ ਅੱਡੇ ਵਰਗੇ ਮੁੱਖ ਨਾਕਿਆਂ ਦਾ ਦੌਰਾ ਕੀਤਾ | ਚੈਕਿੰਗ ਦੌਰਾਨ ਵੱਖ-ਵੱਖ ਉਲੰਘਣਾ ਲਈ 28 ਵਿਅਕਤੀਆਂ ਦੇ ਚਲਾਨ ਕੀਤੇ ਗਏ | ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਆਉਂਦੇ ਚਾਰਾਂ ਥਾਣਿਆਂ ਤੇ ਪੁਲਿਸ ਚੌਕੀਆਂ ਦੀ ਪੂਰੀ ਜਾਂਚ ਕੀਤੀ ਗਈ ਤੇ ਸਾਰੇ ਸਥਾਨ ਸੁਰੱਖਿਅਤ ਪਾਏ ਗਏ | ਇਸ ਤੋਂ ਇਲਾਵਾ ਸਥਾਨਕ ਰੇਲਵੇ ਸਟੇਸ਼ਨ 'ਤੇ ਵੀ ਪੁਲਿਸ ਟੀਮ ਵਲੋਂ ਤਲਾਸ਼ੀ ਮੁਹਿੰਮ ਚਲਾਈ ਗਈ |
ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
ਫਗਵਾੜਾ, 1 ਮਾਰਚ (ਚਾਨਾ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਥਾਣੇਦਾਰ ਜਤਿੰਦਰਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਜਤਿੰਦਰ ਉਰਫ਼ ਕਾਲੂ ਪੁੱਤਰ ਰੋਸ਼ੀ ਵਾਸੀ ਛੱਜ ਕਾਲੋਨੀ ਨੂੰ ਕਾਬੂ ਕਰਕੇ ਉਸ ਪਾਸੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਉਨ੍ਹਾਂ ਦੱਸਿਆ ਕਿ ਦੋਸ਼ੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ |
ਦੇਰ ਰਾਤ ਪੁਲਿਸ ਨੇ ਚੈਕਿੰਗ ਮੁਹਿੰਮ ਚਲਾਈ <br/>
ਅਜੀਤ ਡੈਸਕ
02-03-2026