ਜੰਡਿਆਲਾ ਮੰਜਕੀ, 1 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਨੂਰਮਹਿਲ-ਨਕੋਦਰ ਰੋਡ 'ਤੇ ਲੰਘੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਨੂੰ ਕਤਲ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਵਿਅਕਤੀ ਦੀ ਪਹਿਚਾਣ ਇਕਬਾਲ ਸਿੰਘ ਬਬਲੂ (50/52) ਪੁੱਤਰ ਦਲੀਪ ਸਿੰਘ ਪਿੰਡ ਸ਼ੰਕਰ, ਸਦਰ ਥਾਣਾ ਨਕੋਦਰ ਵਜੋਂ ਹੋਈ ਹੈ | ਲਾਸ਼ 'ਤੇ ਤੇਜ਼ਧਾਰ ਹਥਿਆਰਾਂ ਦੇ ਕੱਟ ਦੇ ਨਿਸ਼ਾਨ ਸਨ | ਉਨ੍ਹਾਂ ਦੱਸਿਆ ਕਿ ਮਿ੍ਤਕ ਰਾਮਪੁਰ ਵਿਚ ਬਬਲੂ ਗਾਰਮੈਂਟਸ ਨਾਂਅ ਦੀ ਦੁਕਾਨ ਕਰਦਾ ਹੈ ਤੇ ਉਹ ਰਾਤ ਨੂੰ ਦੁਕਾਨ ਬੰਦ ਕਰਕੇ ਰੋਜ਼ਾਨਾ ਦੀ ਤਰ੍ਹਾਂ ਵਾਪਸ ਪਿੰਡ ਪਰਤ ਰਿਹਾ ਸੀ | ਘਰ ਨਾ ਪਹੁੰਚਣ 'ਤੇ ਘਰ ਵਾਲਿਆਂ ਵਲੋਂ ਕੀਤੀ ਗਈ ਭਾਲ ਦੌਰਾਨ ਉਸ ਦੀ ਮਿ੍ਤਕ ਦੇਹ ਬਣ ਰਹੇ ਪੁੱਲ ਨੇੜੇ ਕੱਚੀ ਸੜਕ ਕੋਲੋਂ ਤੇਜ਼ਧਾਰ ਹਥਿਆਰਾਂ ਨਾਲ ਵਿੰਨੀ ਮਿਲੀ | ਐਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਹੈ | ਥਾਣਾ ਨੂਰਮਹਿਲ ਦੀ ਪੁਲਿਸ ਵਲੋਂ ਉਕਤ ਕਤਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |