ਹੁਸੈਨਪੁਰ, 30 ਅਪ੍ਰੈਲ (ਤਰਲੋਚਨ ਸਿੰਘ ਸੋਢੀ)-ਓ. ਬੀ. ਸੀ. ਰੇਲਵੇ ਕਰਮਚਾਰੀ ਸੰਘ ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਆਪਣੀ ਮਹੀਨਾਵਾਰ ਮੀਟਿੰਗ ਸੰਸਥਾ ਦੇ ਦਫ਼ਤਰ ਪ੍ਰਾਇਮਰੀ ਸਕੂਲ ਟਾਈਪ-1 ਵਿਖੇ ਕੀਤੀ | ਇਸ ਦੌਰਾਨ ਵੱਖ-ਵੱਖ ਮੁੱਦਿਆਂ ਜਿਨ੍ਹਾਂ ਵਿਚ ਰੇਲਵੇ ਕੁਆਟਰਾਂ ਦੀ ਸਮੇਂ ਸਿਰ ਦੇਖਭਾਲ ਦੀ ਘਾਟ, ਕਲੋਨੀ ਵਿਚ ਕੂੜਾ ਇਕੱਠਾ ਨਾ ਹੋਣਾ, ਕਰਮਚਾਰੀਆਂ ਲਈ ਸਮੇਂ ਸਿਰ ਤਰੱਕੀਆਂ ਦੀ ਘਾਟ ਅਤੇ ਫ਼ੈਕਟਰੀ ਦੇ ਕੰਮ ਵਾਲੀਆਂ ਥਾਵਾਂ 'ਤੇ ਸਕਰੈਪ ਦੀ ਮੌਜੂਦਗੀ ਕਾਰਨ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਤੇ ਵਿਸਥਾਰ ਨਾਲ ਚਰਚਾ ਕਰਦਿਆਂ ਸੰਗਠਨ ਵਲੋਂ ਜਲਦੀ ਹੀ ਇਨ੍ਹਾਂ ਮੁੱਦਿਆਂ ਨੂੰ ਰੇਲ ਕੋਚ ਫ਼ੈਕਟਰੀ ਦੇ ਜਨਰਲ ਮੈਨੇਜਰ ਕੋਲ ਉਠਾਉਣ ਦਾ ਮਤਾ ਵੀ ਪਾਸ ਕੀਤਾ ਗਿਆ | ਇਸ ਦੌਰਾਨ ਅਪ੍ਰੈਲ ਮਹੀਨੇ ਵਿਚ ਸੇਵਾਮੁਕਤ ਹੋਏ ਮੈਂਬਰਾਂ ਸਤਵਿੰਦਰ ਸਿੰਘ, ਅਮਰੀਕ ਸਿੰਘ, ਜੁਝਾਰ ਸਿੰਘ, ਭੁਪਿੰਦਰ ਸਿੰਘ, ਪਵਨ, ਪਰਮਜੀਤ ਅਤੇ ਅਸ਼ੋਕ ਕੁਮਾਰ ਨੂੰ ਸੰਗਠਨ ਵਲੋਂ ਗਲ ਵਿਚ ਹਾਰ ਪਾ ਕੇ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੀਟਿੰਗ ਵਿਚ ਅਸ਼ੋਕ ਕੁਮਾਰ ਜਨਰਲ ਸਕੱਤਰ, ਅਰਵਿੰਦ ਪ੍ਰਸਾਦ ਪ੍ਰਧਾਨ ਅਤੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |