ਕਪੂਰਥਲਾ, 30 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਸਹਿਕਾਰਤਾ ਵਿਭਾਗ ਵਲੋਂ ਦੀ ਖੈੜਾ ਦੋਨਾ ਸਹਿਕਾਰੀ ਖੇਤੀਬਾੜੀ ਸਭਾ ਵਿਚ ਕਿਸਾਨਾਂ ਨੂੰ ਫ਼ਸਲੀ ਰਹਿੰਦ ਖੰੂਹਦ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਗੁਰਯਾਦਵਿੰਦਰ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਨੇ ਸਭਾ ਦੇ ਮੈਂਬਰਾਂ ਸੰਬੋਧਨ ਕਰਦਿਆਂ ਕਿਹਾ ਕਿ ਫ਼ਸਲੀ ਰਹਿੰਦ ਖੰੂਹਦ ਨੂੰ ਅੱਗ ਲਗਾਉਣ ਦੀ ਬਜਾਏ ਉਸਨੂੰ ਮਿੱਟੀ ਵਿਚ ਮਿਲਾਉਣ | ਇਸ ਲਈ ਸਹਿਕਾਰੀ ਸਭਾਵਾਂ ਕੋਲ ਲੋੜੀਂਦੀ ਮਸ਼ੀਨਰੀ ਉਪਲਬਧ ਹੈ | ਜਿਸਦਾ ਹਰੇਕ ਕਿਸਾਨ ਨੂੰ ਵਰਤੋਂ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਕਣਕ ਦੇ ਨਾੜ ਜਾਂ ਪਰਾਲੀ ਨੂੰ ਖੇਤਾਂ ਵਿਚ ਅੱਗ ਲਗਾਉਣਾ ਕੋਈ ਇਸਦਾ ਸਥਾਈ ਹੱਲ ਨਹੀਂ, ਸਗੋਂ ਇਸ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਹੁੰਦਾ ਹੈ ਉੱਥੇ ਧਰਤੀ ਉਪਜਾਊ ਸ਼ਕਤੀ ਵੀ ਘਟਦੀ ਹੈ ਤੇ ਮਿੱਤਰ ਕੀੜੇ ਮਰ ਜਾਣ ਨਾਲ ਅਗਲੀ ਫ਼ਸਲ ਦਾ ਝਾੜ ਵੀ ਘੱਟ ਹੁੰਦਾ ਹੈ | ਇਸਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਮਨਮੀਤ ਸਿੰਘ ਤੇ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਛੋਟੇ ਕਿਸਾਨਾਂ ਦੀ ਸਹੂਲਤ ਲਈ ਰੋਟਾਵੇਟਰ, ਪਲਾਓ, ਹੈਪੀ ਸੀਡਰ, ਸੁਪਰ ਸੀਡਰ ਆਦਿ ਖੇਤੀ ਸੰਦ ਫ਼ਸਲਾਂ ਦੀ ਰਹਿੰਦ ਖੂੰਹਦ ਮਿੱਟੀ ਵਿਚ ਮਿਲਾਉਣ ਲਈ ਬਿਲਕੁਲ ਮੁਫ਼ਤ ਦਿੱਤੇ ਜਾ ਰਹੇ ਹਨ | ਉਨ੍ਹਾਂ ਸਭਾ ਦੇ ਮੈਂਬਰਾਂ ਨੂੰ ਇਨ੍ਹਾਂ ਸੰਦਾ ਦੀ ਵਰਤੋਂ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸਭਾ ਦੇ ਸਕੱਤਰ ਸੁਖਜਿੰਦਰ ਸਿੰਘ, ਭੁਲਾਣਾ ਸਭਾ ਦੇ ਸਕੱਤਰ ਅਰੁਨ ਸੋਬਤੀ, ਮੇਜਰ ਸਿੰਘ, ਤਰਲੋਕ ਸਿੰਘ ਤੋਂ ਇਲਾਵਾ ਸਭਾ ਦੇ ਹੋਰ ਮੈਂਬਰ ਤੇ ਮੁਲਾਜ਼ਮ ਹਾਜ਼ਰ ਸਨ |