ਫਗਵਾੜਾ, 30 ਅਪੈ੍ਰਲ (ਹਰਜੋਤ ਸਿੰਘ ਚਾਨਾ)-ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਦੀ ਮੀਟਿੰਗ ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ | ਮੀਟਿੰਗ 'ਚ ਟਰੱਸਟ ਦੇ ਮੈਂਬਰ ਹਸਪਤਾਲ ਦੇ ਡਾਕਟਰ ਅਤੇ ਮੈਡੀਕਲ ਸਟਾਫ਼ ਦੇ ਮੈਂਬਰ ਉਚੇਰੇ ਤੌਰ ਤੇ ਮੌਜੂਦ ਰਹੇ | ਮੀਟਿੰਗ ਦੌਰਾਨ ਟਰੱਸਟ ਵੱਲੋਂ ਕੀਤੀਆਂ ਜਾ ਰਹੀਆਂ ਸਮਾਜਿਕ ਅਤੇ ਸਿਹਤ ਸੇਵਾਵਾਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ ਤੇ ਹਸਪਤਾਲ ਦੇ ਕੰਮਕਾਜ ਨੂੰ ਹੋਰ ਸੁਧਾਰਨ ਲਈ ਭਵਿੱਖੀ ਯੋਜਨਾਵਾਂ 'ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ | ਟਰੱਸਟ ਪ੍ਰਧਾਨ ਪ੍ਰਦੀਪ ਧੀਮਾਨ ਨੇ ਦੱਸਿਆ ਕਿ ਟਰੱਸਟ ਦਾ ਮੁੱਖ ਉਦੇਸ਼ ਲੋੜਵੰਦਾਂ ਅਤੇ ਗਰੀਬ ਵਰਗ ਤੱਕ ਆਧੁਨਿਕ ਤੇ ਘੱਟ ਖ਼ਰਚ ਨਾਲ ਸਿਹਤ ਸਹੂਲਤਾਂ ਪਹੁੰਚਾਉਣਾ ਹੈ ਤੇ ਇਸ ਮਿਸ਼ਨ ਨੂੰ ਸਫ਼ਲ ਬਣਾਉਣ ਲਈ ਟਰੱਸਟ ਲਗਾਤਾਰ ਯਤਨਸ਼ੀਲ ਹੈ | ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਕੰਮ ਨੂੰ ਪ੍ਰਭਾਵਸ਼ਾਲੀ ਬਣਾਉਣ, ਲੋੜਵੰਦ ਮਰੀਜ਼ਾਂ ਨੂੰ ਵੱਧ ਤੋਂ ਵੱਧ ਰਾਹਤ ਪ੍ਰਦਾਨ ਕਰਨ ਤੇ ਸਮਾਜ ਭਲਾਈ ਲਈ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਸਬੰਧੀ ਫ਼ੈਸਲੇ ਕੀਤੇ ਗਏ | ਮੈਂਬਰਾਂ ਨੇ ਟਰੱਸਟ ਦੀਆਂ ਗਤੀਵਿਧੀਆਂ ਨੂੰ ਤਨਦੇਹੀ ਨਾਲ ਅੱਗੇ ਵਧਾਉਣ ਦਾ ਸੰਕਲਪ ਲਿਆ ਤੇ ਸਮਾਜ ਸੇਵਾ ਦੇ ਕੰਮਾਂ 'ਚ ਰਲ-ਮਿਲ ਕੇ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਜਸਪਾਲ ਸਿੰਘ ਲਾਲ, ਸੁਰਿੰਦਰ ਪਾਲ ਧੀਮਾਨ, ਭੁਪਿੰਦਰ ਸਿੰਘ ਜੰਡੂ, ਅਮੋਲਕ ਸਿੰਘ ਝੀਤਾ, ਰਜਿੰਦਰ ਸਿੰਘ ਰੂਪਰਾਏ ਅਤੇ ਵਿਕਰਮ ਰੂਪਰਾਏ ਆਦਿ ਸ਼ਾਮਿਲ ਸਨ |