ਕਪੂਰਥਲਾ, 11 ਮਈ (ਵਿਸ਼ੇਸ਼ ਪ੍ਰਤੀਨਿਧ)-ਸਹਿਕਾਰਤਾ ਵਿਭਾਗ ਵਲੋਂ ਜ਼ਿਲ੍ਹਾ ਸਹਿਕਾਰੀ ਯੂਨੀਅਨ ਕਪੂਰਥਲਾ ਦੇ ਸਹਿਯੋਗ ਨਾਲ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਤੇ ਇਸਨੂੰ ਖੇਤਾਂ ਵਿਚ ਮਿਲਾਉਣ ਲਈ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਜਾਗਰੂਕ ਕਰਨ ਲਈ ਦੀ ਕਪੂਰਥਲਾ ਕੋਆਪ੍ਰੇਟਿਵ ਮੰਡੀਕਰਨ ਕਮ-ਪ੍ਰੋਸੈਸਿੰਗ ਲਿਮਟਿਡ ਕਪੂਰਥਲਾ ਵਿਚ ਗੁਰਯਾਦਵਿੰਦਰ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਦੀ ਅਗਵਾਈ ਵਿਚ ਇਕ ਕੈਂਪ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਕੈਂਪ ਨੂੰ ਸੰਬੋਧਨ ਕਰਦਿਆਂ ਗੁਰਯਾਦਵਿੰਦਰ ਸਿੰਘ ਨੇ ਕਿਹਾ ਕਿ ਫ਼ਸਲੀ ਰਹਿੰਦ ਖੰੂਹਦ ਨੂੰ ਅੱਗ ਨਾ ਲਗਾ ਕੇ ਇਸਨੂੰ ਮਿੱਟੀ ਵਿਚ ਮਿਲਾਉਣ ਨਾਲ ਜਿੱਥੇ ਅਸੀਂ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖ ਸਕਦੇ ਹਾਂ ਉੱਥੇ ਇਸ ਨਾਲ ਵਾਤਾਵਰਨ ਦੀ ਸੁਰੱਖਿਆ ਵੀ ਹੁੰਦੀ ਹੈ ਤੇ ਪ੍ਰਦੂਸ਼ਣ ਤੋਂ ਵੀ ਬਚਿਆ ਜਾ ਸਕਦਾ ਹੈ | ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਸਹਿਕਾਰੀ ਸਭਾਵਾਂ ਵਿਚ ਉਪਲਬਧ ਆਧੁਨਿਕ ਖੇਤੀ ਸੰਧਾ ਦੀ ਵਰਤੋਂ ਕਰਕੇ ਫ਼ਸਲੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਮਿਲਾਉਣ | ਕੈਂਪ ਨੂੰ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਮਨਮੀਤ ਸਿੰਘ, ਜ਼ਿਲ੍ਹਾ ਸਹਿਕਾਰੀ ਯੂਨੀਅਨ ਦੇ ਮੈਨੇਜਰ ਬਿਕਰਮਜੀਤ ਸਿੰਘ, ਦੀ ਕਪੂਰਥਲਾ ਕੋਆਪ੍ਰੇਟਿਵ ਮੰਡੀਕਰਨ ਕਮ-ਪ੍ਰੋਸੈਸਿੰਗ ਲਿਮਟਿਡ ਦੇ ਮੈਨੇਜਰ ਪ੍ਰਗਟ ਸਿੰਘ ਨੇ ਵੀ ਸੰਬੋਧਨ ਕੀਤਾ | ਬੁਲਾਰਿਆਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਵਿਚ ਖੇਤੀਬਾੜੀ ਸਬੰਧੀ ਸੰਦ ਛੋਟੇ ਕਿਸਾਨ ਮੁਫ਼ਤ ਲੈ ਕੇ ਤੇ ਵੱਡੇ ਕਿਸਾਨ ਘੱਟ ਕਿਰਾਏ 'ਤੇ ਲੈ ਕੇ ਲਾਹਾ ਲੈ ਸਕਦੇ ਹਨ | ਇਸ ਮੌਕੇ ਦਰਸ਼ਨ ਸਿੰਘ, ਪ੍ਰੀਤਮ ਸਿੰਘ, ਰਾਮ ਆਸਰਾ, ਦੀਪਕ ਕੁਮਾਰ, ਪ੍ਰਦੀਪ, ਅਰੁਣ ਕੁਮਾਰ, ਬਲਵਿੰਦਰ ਸਿੰਘ, ਰੇਸ਼ਮ ਸਿੰਘ ਆਦਿ ਸਹਿਕਾਰੀ ਸਭਾਵਾਂ ਦੇ ਮੁਲਾਜ਼ਮ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |