27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗਿ੍ਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਲਗਾਇਆ ਧਰਨਾ

ਅਜੀਤ ਡੈਸਕ 16-05-2026
ਬੇਗੋਵਾਲ, 15 ਮਈ (ਸੁਖਜਿੰਦਰ ਸਿੰਘ)-ਬੀਤੇ ਦਿਨ ਬੇਗੋਵਾਲ ਵਿਚ ਦਿਨ ਦਿਹਾੜੇ ਕਤਲ ਹੋਏ ਨੌਜਵਾਨ ਦਾ ਕਾਤਲ ਗਿ੍ਫ਼ਤਾਰ ਨਾ ਹੋਣ ਦੇ ਰੋਸ ਵਜੋਂ ਅੱਜ ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਲੋਂ ਬੇਗੋਵਾਲ ਟਾਂਡਾ ਰੋਡ 'ਤੇ ਸਥਿਤ ਬਾਲਾਪੀਰ ਨੇੜੇ ਘੰਟਿਆਂ ਬੱਧੀ ਰੋਡ ਜਾਮ ਕਰਕੇ ਧਰਨਾ ਦਿੱਤਾ ਗਿਆ, ਜੋ ਅਖੀਰ ਡੀ.ਐਸ.ਪੀ. ਭੁਲੱਥ ਵਲੋਂ ਪਰਿਵਾਰਕ ਮੈਂਬਰਾਂ ਤੇ ਮੋਹਤਬਰ ਵਿਅਕਤੀਆਂ ਨੂੰ ਦੋਸ਼ੀ ਨੂੰ ਦੋ ਦਿਨ ਵਿਚ ਗਿ੍ਫ਼ਤਾਰ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਪ੍ਰਦਰਸ਼ਨ ਬੰਦ ਕਰ ਦਿੱਤਾ ਗਿਆ | ਇਸ ਸਬੰਧੀ ਅੱਜ ਬੇਗੋਵਾਲ ਦੇ ਬਾਲਾਪੀਰ ਨੇੜੇ ਸਵੇਰੇ 10 ਵਜੇ ਦੇ ਕਰੀਬ ਮਿ੍ਤਕ ਦੇ ਮਾਤਾ ਦੀ ਅਗਵਾਈ ਹੇਠ ਪਹਿਲਾ ਬਾਲਾਪੀਰ ਰੋਡ ਦੇ ਨਿਵਾਸੀਆਂ ਨੇ ਇਕੱਤਰ ਹੋ ਕੇ ਰੋਡ ਨੂੰ ਬੰਦ ਕਰ ਦਿੱਤਾ, ਜਿਸ ਵਿਚ ਬੇਗੋਵਾਲ ਦੇ ਹੋਰ ਮੋਹਤਬਰ ਵਿਅਕਤੀ ਤੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਸ਼ਾਮਲ ਹੋਏ | ਇਸ ਮੌਕੇ ਮਿ੍ਤਕ ਦੇ ਮਾਤਾ ਤੇ ਪਰਿਵਾਰਕ ਮੈਂਬਰਾਂ ਨੇ ਕਾਤਿਲ ਨੂੰ ਗਿ੍ਫ਼ਤਾਰ ਕਰਨ ਵਿਚ ਢਿੱਲ ਵਰਤੀ ਜਾਣ ਦਾ ਪੁਲਿਸ 'ਤੇ ਦੋਸ਼ ਲਗਾਇਆ | ਇਸ ਮੌਕੇ ਪਰਿਵਾਰ ਨੇ ਕਿਹਾ ਕਿ ਦੋਸ਼ੀ ਸੋਸ਼ਲ ਮੀਡੀਆ 'ਤੇ ਸ਼ਰੇਆਮ ਵੀਡੀਓ ਬਣਾ ਕੇ ਪਾ ਰਿਹਾ ਹੈ ਤੇ ਕਤਲ ਕਰਨ ਦੀ ਪੂਰੀ ਪੁਸ਼ਟੀ ਤੇ ਮਕਸਦ ਦੱਸ ਰਿਹਾ ਹੈ | ਜ਼ਿਕਰਯੋਗ ਹੈ ਕਿ ਜਿਸ 'ਤੇ ਕਤਲ ਦਾ ਮੁਕੱਦਮਾ ਦਰਜ ਹੋਇਆ ਸੀ, ਉਸ ਵੱਲੋਂ ਸੋਸ਼ਲ ਮੀਡੀਆ 'ਤੇ 19 ਮਿੰਟ ਦੇ ਵੀਡੀਓ ਪਾ ਕੇ ਕਤਲ ਕਰਨ ਦਾ ਮਕਸਦ ਦੱਸਿਆ ਸੀ ਤੇ ਕਤਲ ਕਰਨਾ ਵੀ ਮੰਨਿਆ ਸੀ | ਜੋ ਆਪਣੀ ਗਿ੍ਫ਼ਤਾਰੀ ਬਾਰੇ ਵੀ ਕਹਿ ਰਿਹਾ ਸੀ | ਇਸ ਵੀਡੀਓ ਉਪਰੰਤ ਪਰਿਵਾਰਕ ਮੈਂਬਰਾਂ ਵਿਚ ਰੋਸ ਪਾਇਆ ਗਿਆ ਤੇ ਉਨ੍ਹਾਂ ਇਕੱਤਰ ਹੋ ਕੇ ਇਹ ਧਰਨਾ ਦਿੱਤਾ | ਉਨ੍ਹਾਂ ਕਿਹਾ ਕਿ ਜੱਦ ਤੱਕ ਕਾਤਲ ਗਿ੍ਫ਼ਤਾਰ ਨਹੀਂ ਹੋ ਜਾਂਦਾ ਉਹ ਆਪਣੇ ਪੁੱਤਰ ਦਾ ਸੰਸਕਾਰ ਨਹੀਂ ਕਰਨਗੇ | ਇਹ ਧਰਨਾ ਕਰੀਬ 4 ਘੰਟੇ ਤੱਕ ਚੱਲਦਾ ਰਿਹਾ ਤੇ ਅਖੀਰ ਡੀ.ਐਸ.ਪੀ. ਭੁਲੱਥ ਵਲੋਂ ਪਰਿਵਾਰਕ ਮੈਂਬਰਾਂ ਨੂੰ ਦੋਸ਼ੀ ਨੂੰ ਜਲਦ ਗਿ੍ਫ਼ਤਾਰ ਕਰਨ ਦੇ ਦਿੱਤੇ ਵਿਸ਼ਵਾਸ ਕਰਕੇ ਧਰਨਾ ਚੁੱਕ ਲਿਆ ਗਿਆ | ਪਰਿਵਾਰਕ ਮੈਂਬਰਾਂ ਤੇ ਮੋਹਤਬਰ ਲੋਕਾਂ ਨੇ ਕਿਹਾ ਕਿ ਜੇ ਦੋ ਦਿਨ ਵਿਚ ਦੋਸ਼ੀ ਗਿ੍ਫ਼ਤਾਰ ਨਾ ਹੋਇਆ ਤਾਂ ਉਨ੍ਹਾਂ ਵਲੋਂ ਵੱਡੇ ਪੱਧਰ 'ਤੇ ਸੁਭਾਨਪੁਰ ਰੋਡ ਜਾਮ ਕਰਕੇ ਧਰਨਾ ਲਗਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਰਸ਼ਪਾਲ ਸਿੰਘ ਬੱਚਾਜੀਵੀ, ਕਿਸਾਨ ਆਗੂ ਬਾਈ ਨਛੱਤਰ ਸਿੰਘ, ਵਿਰਸਾ ਸਿੰਘ, ਕੌਂਸਲਰ ਦਲਜੀਤਮ ਸਿੰਘ ਮੰਡਾ, ਸੁਖਦੇਵ ਰਾਜ ਜੰਗੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰੇਮ ਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਇਕ ਅਣਪਛਾਤੇ ਨੌਜਵਾਨ ਦੀ ਹੋਈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।