ਕਪੂਰਥਲਾ, 17 ਮਈ (ਵਿ.ਪ੍ਰ.)-ਪੰਜਾਬ ਸਰਕਾਰ ਦੀ ਦੇਖ ਰੇਖ ਹੇਠ ਭਾਸ਼ਾ ਵਿਭਾਗ ਵਲੋਂ ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਦੇ ਮੰਤਵ ਨਾਲ ਪੁਸਤਕ ਮੈਚਿੰਗ ਗ੍ਰਾਂਟ ਤਹਿਤ ਮੁਫ਼ਤ ਕਿਤਾਬਾਂ ਦੇਣ ਲਈ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ ਦੀ ਅਗਵਾਈ ਵਿਚ ਸਕੀਮ ਸ਼ੁਰੂ ਕੀਤੀ ਗਈ ਹੈ | ਇਸ ਸਕੀਮ ਦਾ ਲਾਭ ਸਕੂਲ, ਕਾਲਜ ਤੇ ਪੇਂਡੂ ਲਾਇਬ੍ਰੇਰੀਆਂ ਉਠਾ ਸਕਦੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਜਿੰਨੀ ਰਕਮ ਦੀਆਂ ਪੁਸਤਕਾਂ ਕੋਈ ਸੰਸਥਾ ਖ਼ਰੀਦੇਗੀ, ਉਨੀ ਰਕਮ ਦੀਆਂ ਪੁਸਤਕਾਂ ਸਬੰਧਿਤ ਸੰਸਥਾ ਨੂੰ ਭਾਸ਼ਾ ਵਿਭਾਗ ਵਲੋਂ ਮੁਫ਼ਤ ਦਿੱਤੀਆਂ ਜਾਣਗੀਆਂ | ਉਨ੍ਹਾਂ ਜ਼ਿਲ੍ਹੇ ਦੇ ਸਮੂਹ ਸਕੂਲਾਂ, ਕਾਲਜਾਂ ਅਤੇ ਪੇਂਡੂ ਲਾਇਬ੍ਰੇਰੀਆਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਤੇ ਪੁਸਤਕਾਂ ਖਰੀਦਣ ਲਈ ਚਾਹਵਾਨ ਸੰਸਥਾਵਾਂ ਆਪਣੇ ਲੈਟਰਪੈਡ 'ਤੇ ਸੰਸਥਾ ਦੇ ਮੁਖੀ ਵਲੋਂ ਬੇਨਤੀ ਪੱਤਰ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵਿਖੇ ਦੇ ਸਕਦੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਪੁਸਤਕਾਂ 'ਤੇ ਭਾਸ਼ਾ ਵਿਭਾਗ ਪੰਜਾਬ ਵਲੋਂ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਅਤੇ ਸਮਾਜ ਨੂੰ ਚੰਗੀ ਤੇ ਉਸਾਰੂ ਸੇਧ ਦੇਣ ਲਈ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ | ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਭਾਸ਼ਾ ਵਿਭਾਗ ਦੇ ਸੇਲ ਇੰਚਾਰਜ ਮਨੀਸ਼ ਕੁਮਾਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ |