ਨਡਾਲਾ, 17 ਮਈ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਚ ਭਾਜਪਾ ਆਗੂ ਸੌਰਵ ਖੁੱਲਰ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਭਾਜਪਾ ਦਫ਼ਤਰਾਂ 'ਤੇ ਹੋਏ ਹਮਲਿਆਂ, ਤੋੜਫੋੜ ਅਤੇ ਕਾਰਕੁਨਾਂ ਨਾਲ ਕੀਤੀ ਗਈ ਬਦਸਲੂਕੀ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ | ਸੌਰਵ ਖੁੱਲਰ ਨੇ ਕਿਹਾ ਕਿ ਪੰਜਾਬ ਵਿਚ ਲੋਕਤੰਤਰਿਕ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਰਾਜਨੀਤਿਕ ਵਿਰੋਧ ਨੂੰ ਦਬਾਉਣ ਲਈ ਹਿੰਸਕ ਤਰੀਕੇ ਅਪਣਾਏ ਜਾ ਰਹੇ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਹਮੇਸ਼ਾ ਲੋਕਤੰਤਰ ਅਤੇ ਕਾਨੂੰਨ ਦੀ ਰੱਖਿਆ ਲਈ ਡਟੇ ਰਹਿਣਗੇ | ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਇਸ ਮੌਕੇ ਰਮੇਸ਼ ਸ਼ਰਮਾ ਕਨਵੀਨਰ ਭੁਲੱਥ, ਹੀਰਕ ਜੋਸ਼ੀ ਮੰਡਲ ਪ੍ਰਧਾਨ ਭੁਲੱਥ, ਰਵਿੰਦਰ ਸਿੰਘ ਮੰਡਲ ਪ੍ਰਧਾਨ ਢਿਲਵਾਂ, ਰਮਨ ਕੁਮਾਰ ਮੰਡਲ ਪ੍ਰਧਾਨ ਬੇਗੋਵਾਲ, ਮਾਸਟਰ ਬਲਦੇਵ ਰਾਜ, ਅੰਮਿ੍ਤ ਸਿੰਘ ਖੱਖ, ਸਤਵਿੰਦਰ ਸਿੰਘ ਸਿੱਕੀ ਅਤੇ ਹੋਰ ਵਰਕਰ ਹਾਜ਼ਰ ਸਨ