ਕਪੂਰਥਲਾ, 18 ਮਈ (ਅਮਨਜੋਤ ਸਿੰਘ ਵਾਲੀਆ) - ਮੁਹੱਲਾ ਅਰਫਵਲਾ ਵਿਖੇ ਮਾਪਿਆਂ ਦੇ ਕਥਿਤ ਤੌਰ 'ਤੇ ਘਰੇਲੂ ਝਗੜੇ ਤੋਂ ਉਪਰੰਤ ਪਿਤਾ ਨੂੰ ਪੁਲਿਸ ਵੱਲੋਂ ਲੈ ਕੇ ਜਾਣ ਤੋਂ ਬਾਅਦ ਪ੍ਰੇਸ਼ਾਨ 15 ਸਾਲਾਂ ਬੱਚੇ ਨੇ ਘਰ ਵਿਚ ਗਾਡਰ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਦੀ ਭੈਣ ਹੀਨਾ ਪਤਨੀ ਪਿ੍ੰਸ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦਾ ਘਰੇਲੂ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਪਿਤਾ ਨੂੰ ਥਾਣਾ ਸਿਟੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ | ਜਦੋਂ ਮੇਰੇ ਭਰਾ ਅਮਿਤ ਪੁੱਤਰ ਆਸ਼ੂ ਵਾਸੀ ਅਰਫਵਾਲਾ ਮੁਹੱਲਾ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਨੂੰ ਥਾਣਾ ਸਿਟੀ ਦੀ ਪੁਲਿਸ ਵੱਲੋਂ ਫੜ ਲਿਆ ਗਿਆ ਹੈ ਤਾਂ ਇਸ ਤੋਂ ਬਾਅਦ ਉਸ ਨੇ ਘਰ ਵਿਚ ਆ ਕੇ ਕਥਿਤ ਤੌਰ 'ਤੇ ਗਾਡਰ ਨਾਲ ਪਰਨਾ ਪਾ ਕੇ ਫਾਹਾ ਲੈ ਲਿਆ | ਜਦੋਂ ਉਸ ਦੇ ਮੁਹੱਲੇ ਦਾ ਕੋਈ ਵਿਅਕਤੀ ਉਨ੍ਹਾਂ ਦੇ ਘਰ ਗਿਆ ਤਾਂ ਉਨ੍ਹਾਂ ਨੇ ਇਸ ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਿਸ 'ਤੇ ਪਰਿਵਾਰਕ ਮੈਂਬਰਾਂ ਨੇ ਉਸ ਨੰੂ ਤੁਰੰਤ ਗਾਡਰ ਤੋਂ ਹੇਠਾਂ ਲਾਹ ਕੇ ਸਿਵਲ ਹਸਪਤਾਲ ਲਿਆਂਦਾ ਜਿੱਥੇ ਡਿਊਟੀ ਡਾ. ਸੁਪਨੀਤ ਕੌਰ ਨੇ ਜਾਂਚ ਤੋਂ ਬਾਅਦ ਉਸ ਨੰੂ ਮਿ੍ਤਕ ਐਲਾਨ ਦਿੱਤਾ | ਇਸ ਸਬੰਧੀ ਥਾਣਾ ਸਿਟੀ ਦੇ ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਮਿ੍ਤਕ ਅਮਿਤ ਜੋ ਕਿ ਮਾਪਿਆਂ ਦੇ ਝਗੜੇ ਨੂੰ ਲੈ ਕੇ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਸੀ ਜਿਸ 'ਤੇ ਉਸ ਨੇ ਇਹ ਕਦਮ ਚੁੱਕਿਆ ਹੈ ਤੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ |