ਸੁਲਤਾਨਪੁਰ ਲੋਧੀ, 18 ਮਈ (ਨਰੇਸ਼ ਹੈਪੀ)-ਨਗਰ ਕੌਂਸਲ ਦੇ ਸਫ਼ਾਈ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਲਈ ਪਿਛਲੇ ਦਸ ਦਿਨਾਂ ਤੋਂ ਪੂਰੇ ਪੰਜਾਬ ਵਿਚ ਕੀਤੀ ਗਈ ਹੜਤਾਲ ਕਾਰਨ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਹਰ ਪਾਸੇ ਕੂੜੇ ਦੇ ਢੇਰ ਲੱਗ ਗਏ ਹਨ ਤੇ ਮਹਾਂਮਾਰੀ ਵਾਲੀ ਹਾਲਤ ਪੈਦਾ ਹੋ ਗਈ ਹੈ ਪਰ ਸਰਕਾਰ ਵੱਲੋਂ ਸਫ਼ਾਈ ਕਾਮਿਆਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਦੇਣ ਜਾਂ ਗੱਲਬਾਤ ਨਾ ਕਰਨ ਕਰਕੇ ਇਹ ਸਥਿਤੀ ਦਿਨ ਬ ਦਿਨ ਵਿਕਰਾਲ ਹੁੰਦੀ ਜਾ ਰਹੀ ਹੈ | ਥਾਂ ਥਾਂ ਲੱਗੇ ਕੂੜੇ ਦੇ ਬਦਬੂਦਾਰ ਢੇਰਾਂ ਕੋਲੋਂ ਲੰਘਣਾ ਲੋਕਾਂ ਲਈ ਔਖਾ ਹੋਇਆ ਪਿਆ ਹੈ | ਪਾਵਨ ਨਗਰੀ ਨੂੰ ਸਾਫ਼ ਤੇ ਸਵੱਛ ਬਣਾਉਣ ਦੇ ਕੀਤੇ ਦਾਅਵਿਆਂ ਤੇ ਵਾਅਦੇ ਕਾਰਨ ਆਮ ਆਦਮੀ ਪਾਰਟੀ ਸਰਕਾਰ ਇਸ ਮਾਮਲੇ ਵਿਚ ਬੁਰੀ ਤਰ੍ਹਾਂ ਫਲਾਪ ਸਾਬਤ ਹੋਈ ਹੈ | 26 ਮਈ ਨੂੰ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ ਜਦਕਿ ਸ਼ਹਿਰ ਵਿਚ ਧਾਰਮਿਕ ਸਥਾਨਾਂ ਅਤੇ ਸਕੂਲਾਂ ਦੇ ਅੱਗੇ ਗੰਦਗੀ ਦੇ ਢੇਰ ਲੱਗੇ ਹੋਏ ਹਨ | ਰੋਜ਼ਾਨਾ ਸ਼ਹਿਰ ਵਾਸੀ ਪਹਿਲਾਂ ਲੱਗੇ ਕੂੜੇ ਦੇ ਢੇਰਾਂ ਉੱਪਰ ਹੋਰ ਕੂੜਾ ਸੁੱਟ ਰਹੇ ਹਨ ਜਿਸ ਕਾਰਨ ਮੁੱਖ ਸੜਕਾਂ ਤੇ ਦੂਰ ਦੂਰ ਤੱਕ ਗੰਦਗੀ ਫੈਲ ਗਈ ਹੈ | ਸਫ਼ਾਈ ਪੱਖੋਂ ਪਾਵਨ ਨਗਰੀ ਬਹੁਤ ਜ਼ਿਆਦਾ ਪੱਛੜ ਗਈ ਹੈ ਅਤੇ ਇੰਜ ਜਾਪਦਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਦੋਵੇਂ ਹੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ | ਗਰਮੀ ਦਾ ਮੌਸਮ ਹੋਣ ਕਾਰਨ ਨਗਰ ਵਿਚ ਖ਼ਤਰਨਾਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣ ਚੁੱਕਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਕੌਂਸਲ ਦੀ ਵਿਵਸਥਾ ਪੂਰੀ ਤਰਾਂ ਚਰਮਰਾ ਚੁੱਕੀ ਹੈ ਪਰ ਸਰਕਾਰ ਤੇ ਨਗਰ ਕੌਂਸਲ ਪ੍ਰਸ਼ਾਸਨ ਸਮੱਸਿਆ ਦੇ ਹੱਲ ਲਈ ਗੰਭੀਰ ਨਜ਼ਰ ਨਹੀਂ ਹਨ | ਨਗਰ ਕੌਂਸਲ ਸਫ਼ਾਈ ਕਾਮਿਆਂ ਦੀ ਚੱਲੀ ਆ ਰਹੀ ਲੰਬੀ ਹੜਤਾਲ ਦੇ ਹਮਾਇਤ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਖੁੱਲ ਕੇ ਸਮਰਥਨ ਵਿਚ ਉਤਰ ਆਈਆਂ ਹਨ | ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਦਾ ਨੇ ਕਿਹਾ ਕਿ ਚਾਰ ਸਾਲ ਤੋਂ ਰਾਜ ਕਰ ਰਹੀ ਆਮ ਆਦਮੀ ਪਾਰਟੀ ਸਰਕਾਰ ਸਿਰਫ਼ ਲਾਰਿਆਂ ਤੇ ਝੂਠੇ ਵਾਅਦੇ ਵਾਲੀ ਸਰਕਾਰ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਆਪਣੇ ਸਫ਼ਾਈ ਕਾਮਿਆਂ ਦੀਆਂ ਮੰਗਾਂ ਨਹੀਂ ਪੂਰੀਆਂ ਕਰ ਸਕਦੀ, ਉਹ ਅੱਜ ਕਿਸ ਮੂੰਹ ਨਾਲ ਨਗਰ ਕੌਂਸਲ ਚੋਣਾਂ ਵਿਚ ਵੋਟਾਂ ਮੰਗ ਰਹੀ ਹੈ | ਸਫ਼ਾਈ ਕਾਮੇ ਯੂਨੀਅਨ ਦੇ ਪ੍ਰਮੁੱਖ ਸੰਜੀਵ ਘਈ ਨੇ ਕਿਹਾ ਕਿ ਇਹ ਸਰਕਾਰ ਦੀ ਜ਼ਿੱਦ ਤੇ ਟਾਲਮਟੋਲ ਵਾਲੀ ਨੀਤੀ ਕਾਰਨ ਸਾਨੂੰ ਹੜਤਾਲ ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਹੜਤਾਲ ਖ਼ਤਮ ਕਰਨ ਬਾਰੇ ਵਿਚਾਰ ਕਰਨ ਅਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਮੰਨਣ ਦੇ ਬਾਰੇ ਐਲਾਨ ਕੀਤਾ ਜਾਵੇ |