ਸੁਲਤਾਨਪੁਰ ਲੋਧੀ, 18 ਮਈ (ਨਰੇਸ਼ ਹੈਪੀ)-ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਨੇ ਅੱਜ ਐਸ.ਡੀ.ਐਚ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਡਾਕਟਰਾਂ ਅਤੇ ਹਸਪਤਾਲ ਦੇ ਹੋਰ ਸਟਾਫ਼ ਮੈਂਬਰਾਂ ਨਾਲ ਮੀਟਿੰਗ ਵੀ ਕੀਤੀ | ਮੀਟਿੰਗ ਦੌਰਾਨ ਵੱਖ-ਵੱਖ ਸਿਹਤ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਮੌਕੇ ਸਿਵਲ ਸਰਜਨ ਡਾਕਟਰ ਸੰਜੀਵ ਭਗਤ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਦੀ ਰੂਪਰੇਖਾ ਉਲੀਕੀ ਗਈ | ਮੀਟਿੰਗ ਦੌਰਾਨ ਐਸ.ਡੀ.ਐਚ ਸੁਲਤਾਨਪੁਰ ਲੋਧੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਕੀਤੀ ਗਈ | ਉਨ੍ਹਾਂ ਨਿਰਦੇਸ਼ ਦਿੱਤੇ ਕਿ ਕਿਸੇ ਵੀ ਤਰਾਂ ਦੀ ਸਥਿਤੀ ਨਾਲ ਨਿਪਟਣ ਲਈ ਸਿਹਤ ਵਿਭਾਗ ਦੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀਆਂ ਟੀਮਾਂ ਤਿਆਰ ਰਹਿਣ | ਇਸ ਦੇ ਨਾਲ ਹੀ ਸਿਵਲ ਸਰਜਨ ਨੇ ਸਿਹਤ ਸੰਸਥਾ ਦਾ ਰਿਕਾਰਡ ਕੀਪਿੰਗ ਠੀਕ ਕਰਨ ਅਤੇ ਇੰਪਰੂਵਮੈਂਟ ਕਰਨ ਲਈ ਵੀ ਕਿਹਾ ਗਿਆ | ਇਸ ਮੌਕੇ ਉਹਨਾਂ ਨਿਰਦੇਸ਼ ਦਿੱਤੇ ਕਿ ਸਰਕਾਰ ਵੱਲੋਂ ਜੋ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਨ ਉਹਨਾਂ ਦਾ ਲਾਭ ਹਰ ਵਰਗ ਨੂੰ ਮਿਲਣਾ ਚਾਹੀਦਾ ਹੈ | ਡਾ. ਭਗਤ ਨੇ ਸਖ਼ਤੀ ਨਾਲ ਹਦਾਇਤ ਕਰਦੇ ਹੋਏ ਕਿਹਾ ਕਿ ਸਿਹਤ ਸੰਸਥਾ ਵਿਚ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ | ਉਨ੍ਹਾਂ ਸਾਰੇ ਹੀ ਸਟਾਫ਼ ਨੂੰ ਕਿਹਾ ਕਿ ਉਹ ਨੈਸ਼ਨਲ ਪ੍ਰੋਗਰਾਮਾਂ ਦੀ ਸਮੇਂ ਸਮੇਂ ਤੇ ਆਪਣੇ ਪੱਧਰ ਤੇ ਜ਼ਰੂਰ ਸਮੀਖਿਆ ਕਰਨ | ਉਨ੍ਹਾਂ ਇਸ ਤੋਂ ਇਲਾਵਾ ਸਟੇਟ ਹੈੱਡਕੁਆਟਰ ਤੋਂ ਮਿਲੀਆਂ ਹਦਾਇਤਾਂ ਤੋਂ ਵੀ ਸਾਰਿਆਂ ਨੂੰ ਜਾਣੂ ਕਰਵਾਇਆ | ਮੀਟਿੰਗ ਵਿਚ ਆਮ ਆਦਮੀ ਕਲੀਨਿਕਾਂ, ਮੈਟਰਨਲ ਹੈਲਥ, ਟੀਬੀ ਕੰਟਰੋਲ ਪ੍ਰੋਗਰਾਮ, ਟੈਲੀ ਮਾਨਸ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਮੇਤ ਸਾਰੇ ਹੀ ਸਿਹਤ ਪ੍ਰੋਗਰਾਮਾਂ 'ਤੇ ਵਿਸਥਾਰ ਨਾਲ ਚਰਚਾ ਹੋਈ | ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮਨੋਰਥ ਨਾਲ 24 ਘੰਟੇ ਐਮਰਜੈਂਸੀ ਸਿਹਤ ਸੁਵਿਧਾ ਵੀ ਉਪਲਬਧ ਹੈ | ਸਿਵਲ ਸਰਜਨ ਵਲੋਂ ਐਸ.ਡੀ.ਐਚ ਸੁਲਤਾਨਪੁਰ ਲੋਧੀ ਵਿਖੇ ਐਮਰਜੈਂਸੀ ਵਾਰਡ, ਜਰਨਲ ਵਾਰਡ, ਫਾਰਮੇਸੀ, ਲੈਬੋਰਟਰੀ ਦਾ ਵੀ ਨਿਰੀਖਣ ਕੀਤਾ ਗਿਆ | ਇਸ ਮੌਕੇ ਐਸ.ਐਮ.ਓ ਡਾ. ਅਸ਼ੀਸ਼ ਜੇਤਲੀ ਤੇ ਫਾਰਮਾਸਿਸਟ ਅਮਰਿੰਦਰ ਸਿੰਘ, ਐਸ ਏ ਸੰਨੀ ਪੈਰਾਂ ਮੈਡੀਕਲ ਤੇ ਮੈਡੀਕਲ ਸਟਾਫ਼ ਦੇ ਮੈਂਬਰ ਹਾਜ਼ਰ ਸਨ |