ਕਪੂਰਥਲਾ, 18 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਗਣਨਾ-2027, ਡਰੱਗ, ਸੋਸ਼ਲ ਤੇ ਇਕਨਾਮਿਕ ਸਰਵੇ ਵਿਚ ਜ਼ਿਲ੍ਹੇ ਦੇ 90 ਪ੍ਰਤੀਸ਼ਤ ਤੋਂ ਵੱਧ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਕਾਰਨ ਬਹੁਤ ਸਾਰੇ ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਗਏ ਹਨ, ਜਿਸ ਕਾਰਨ ਸਕੂਲਾਂ ਵਿਚ ਪੜ੍ਹਾਈ ਦਾ ਕੰਮ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ | ਜ਼ਿਲ੍ਹੇ ਦੇ ਕਈ ਅਜਿਹੇ ਸਕੂਲ ਹਨ, ਜਿੱਥੇ ਕੋਈ ਵੀ ਅਧਿਆਪਕ ਸਕੂਲ ਖੁੱਲ੍ਹਾ ਰੱਖਣ ਲਈ ਨਹੀਂ ਰਿਹਾ ਕਿਉਂਕਿ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿਚ ਅਧਿਆਪਕਾਂ ਦੀਆਂ ਬੀ.ਐਲ.ਓਜ਼ ਵਜੋਂ ਤੇ ਹੁਣ ਜਨਗਣਨਾ 2027 ਵਿਚ ਗਿਣਤੀਕਾਰ ਤੇ ਸੁਪਰਵਾਈਜ਼ਰ ਵਜੋਂ ਡਿਊਟੀਆਂ ਲਗਾਈਆਂ ਗਈਆਂ ਹਨ | ਕਈ ਸਕੂਲਾਂ ਵਿਚ ਸਾਰੇ ਦੇ ਸਾਰੇ ਅਧਿਆਪਕ ਡਿਊਟੀਆਂ 'ਤੇ ਤਾਇਨਾਤ ਕੀਤੇ ਗਏ ਹਨ | ਸਕੂਲ ਬੰਦ ਹੋਣ ਦੇ ਖ਼ਦਸ਼ੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਵੱਲੋਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਸਕੂਲ ਵਿਚ ਅਧਿਆਪਕਾਂ ਦੀਆਂ ਡਿਊਟੀਆਂ ਨਹੀਂ ਲੱਗੀਆਂ, ਉਨ੍ਹਾਂ ਸਕੂਲਾਂ ਵਿਚੋਂ ਅਧਿਆਪਕਾਂ ਨੂੰ ਦੂਜੇ ਸਕੂਲਾਂ ਵਿਚ ਭੇਜ ਕੇ ਸਕੂਲ ਖੋਲ੍ਹੇ ਜਾਣ | ਇਸੇ ਦੌਰਾਨ ਹੀ ਜਨਗਣਨਾ 2027 ਦਾ ਕੰਮ ਪਹਿਲ ਦੇ ਆਧਾਰ 'ਤੇ ਨੇਪਰੇ ਚੜ੍ਹਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹਦਾਇਤਾਂ ਨੂੰ ਮੁੱਖ ਰੱਖਦਿਆਂ ਉਪ ਮੰਡਲ ਮੈਜਿਸਟਰੇਟ ਕਮ ਸੈਂਸਜ਼ ਅਫ਼ਸਰ ਕਪੂਰਥਲਾ ਨੇ ਬੀਤੇ ਦਿਨੀਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਇਕ ਪੱਤਰ ਲਿਖ ਕੇ ਕਿਹਾ ਕਿ ਜਨਗਣਨਾ ਦੀ ਡਿਊਟੀ 'ਤੇ ਤਾਇਨਾਤ ਸੁਪਰਵਾਈਜ਼ਰ ਤੇ ਗਿਣਤੀਕਾਰਾਂ ਨੂੰ 13 ਜੂਨ ਤੱਕ ਸਕੂਲ ਦੀ ਡਿਊਟੀ ਤੋਂ ਰਿਲੀਵ ਕੀਤਾ ਜਾਵੇ ਤੇ ਡਿਊਟੀ 'ਤੇ ਤਾਇਨਾਤ ਅਧਿਆਪਕਾਂ ਨੂੰ ਹਦਾਇਤ ਵੀ ਕੀਤੀ ਜਾਵੇ ਕਿ ਜੇਕਰ ਉਨ੍ਹਾਂ ਵੱਲੋਂ ਸੈਂਸਜ ਵਿਚ ਲਗਾਈ ਗਈ ਡਿਊਟੀ ਵਿਚ ਕੋਈ ਕੁਤਾਹੀ ਕੀਤੀ ਗਈ ਤਾਂ ਤਨਖ਼ਾਹ ਬੰਦ ਕਰ ਕੇ ਉਨ੍ਹਾਂ ਵਿਰੁੱਧ ਸੈਂਸਜ਼ ਐਕਟ ਤਹਿਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਅਧਿਆਪਕਾਂ ਨੇ ਦੱਸਿਆ ਕਿ ਸਕੂਲਾਂ ਵਿਚ ਇਸ ਸਮੇਂ ਮਿਸ਼ਨ ਸਮਰੱਥ, ਵਿੱਦਿਆ ਪ੍ਰਵੇਸ਼, ਐਫ.ਐਲ.ਐਨ. ਅਤੇ ਨਵੇਂ ਵਿੱਦਿਅਕ ਸੈਸ਼ਨ ਦੌਰਾਨ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਸਮੇਤ ਹੋਰ ਕਈ ਮਹੱਤਵ ਪੂਰਨ ਪ੍ਰੋਗਰਾਮ ਚੱਲ ਰਹੇ ਹਨ | ਜੇਕਰ ਇਸ ਸਮੇਂ ਡਿਊਟੀ 'ਤੇ ਤਾਇਨਾਤ ਸਾਰੇ ਅਧਿਆਪਕਾਂ ਨੂੰ ਡਿਊਟੀ ਤੋਂ ਫ਼ਾਰਗ ਕੀਤਾ ਜਾਂਦਾ ਹੈ ਤਾਂ ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਅਤੇ ਸਕੂਲਾਂ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲੱਗ ਜਾਵੇਗਾ ਤੇ ਇਸ ਸਮੇਂ ਸਕੂਲਾਂ ਵਿਚ ਚੱਲਦੇ ਸਾਰੇ ਪ੍ਰੋਗਰਾਮ ਖਟਾਈ ਵਿਚ ਪੈ ਜਾਣਗੇ | ਇਸੇ ਦੌਰਾਨ ਹੀ ਡੈਮੋਕਰੈਟਿਕ ਟੀਚਰ ਫ਼ਰੰਟ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਹਰਵਿੰਦਰ ਅੱਲੂਵਾਲ, ਜ਼ਿਲ੍ਹਾ ਜਨਰਲ ਸਕੱਤਰ ਤਜਿੰਦਰ ਸਿੰਘ ਅਲੌਦੀਪੁਰ, ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਜੈਮਲ ਸਿੰਘ, ਗੁਰਮੁਖ ਲੋਕ ਪੇ੍ਰਮੀ, ਜਸਵਿੰਦਰ ਸਿੰਘ ਘੁੱਗ, ਬਲਵਿੰਦਰ ਭੰਡਾਲ, ਪਵਨ ਜੋਸ਼ੀ, ਹਰਵਿੰਦਰ ਸਿੰਘ ਵਿਰਦੀ ਤੇ ਹੋਰ ਅਧਿਆਪਕ ਆਗੂਆਂ ਨੇ ਸਿੱਖਿਆ ਵਿਭਾਗ ਵਿਚੋਂ 90 ਪ੍ਰਤੀਸ਼ਤ ਤੋਂ ਵੱਧ ਅਧਿਆਪਕਾਂ ਦੀਆਂ ਡਿਊਟੀਆਂ ਮਰਦਮਸ਼ੁਮਾਰੀ, ਡਰੱਗ, ਸਮਾਜਿਕ ਤੇ ਆਰਥਿਕ ਸਰਵੇ ਵਿਚ ਲਗਾਏ ਜਾਣ ਦਾ ਸਖ਼ਤ ਨੋਟਿਸ ਲਿਆ ਤੇ ਕਿਹਾ ਕਿ ਸਰਕਾਰ ਨੂੰ ਸਕੂਲਾਂ ਵਿਚੋਂ ਹੀ ਨਹੀਂ ਸਗੋਂ ਦੂਜੇ ਵਿਭਾਗਾਂ ਵਿਚੋਂ ਵੀ ਕੁੱਝ ਅਮਲਾ ਡਿਊਟੀ 'ਤੇ ਲਗਾਉਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਜਾਣਬੁੱਝ ਕੇ ਅਧਿਆਪਕਾਂ ਨੂੰ ਗੈਰ-ਵਿੱਦਿਅਕ ਡਿਊਟੀਆਂ ਵਿਚ ਉਲਝਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਉਪ ਮੰਡਲ ਮੈਜਿਸਟਰੇਟ ਸਿੱਖਿਆ ਅਧਿਕਾਰੀਆਂ ਨੂੰ ਇਹ ਹੁਕਮ ਜਾਰੀ ਕਰ ਰਹੇ ਹਨ ਕਿ ਅਧਿਆਪਕਾਂ ਨੂੰ ਡਿਊਟੀ ਤੋਂ ਫ਼ਾਰਗ ਕੀਤਾ ਜਾਵੇ ਜਦਕਿ ਦੂਜੇ ਪਾਸੇ ਸਿੱਖਿਆ ਵਿਭਾਗ ਦੇ ਅਧਿਕਾਰੀ ਸਾਰੇ ਸਟਾਫ਼ ਨੂੰ ਡਿਊਟੀ 'ਤੇ ਭੇਜ ਕੇ ਵੀ ਸਕੂਲ ਖੁੱਲ੍ਹਾ ਰੱਖਣ ਦੀਆਂ ਹਦਾਇਤਾਂ ਕਰ ਰਹੇ ਹਨ | ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਦੂਜੇ ਸਕੂਲਾਂ ਦਾ ਕੋਈ ਅਧਿਆਪਕ ਜਾ ਕੇ ਸਕੂਲ ਖ਼ੋਲ ਵੀ ਦੇਵੇ ਤਾਂ ਇਸ ਨੂੰ ਆਰਜ਼ੀ ਪ੍ਰਬੰਧ ਸਮਝਿਆ ਜਾਂਦਾ ਹੈ | ਡੀ.ਟੀ.ਐਫ. ਦੇ ਆਗੂਆਂ ਨੇ ਕਿਹਾ ਕਿ ਕੁੱਝ ਅਧਿਆਪਕਾਂ ਦੀਆਂ ਡਿਊਟੀਆਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਆਮ ਚੋਣਾਂ 'ਚ ਵੀ ਲਗਾਈਆਂ ਗਈਆਂ ਹਨ ਤੇ 25 ਜੂਨ ਤੋਂ ਜ਼ਿਲ੍ਹੇ ਵਿਚ ਐਸ.ਆਈ.ਆਰ. ਦਾ ਕੰਮ ਸ਼ੁਰੂ ਹੋ ਰਿਹਾ ਹੈ ਤੇ ਉਸ ਵਿਚੋਂ ਵੀ ਲਗਭਗ 800 ਦੇ ਕਰੀਬ ਬੀ.ਐਲ.ਓ. ਤੇ 77 ਦੇ ਕਰੀਬ ਸੁਪਰਵਾਈਜ਼ਰਾਂ ਨੂੰ ਡਿਊਟੀ 'ਤੇ ਲਗਾਇਆ ਗਿਆ ਹੈ ਤੇ ਇਨ੍ਹਾਂ ਵਿਚੋਂ ਵੀ ਵੱਡੀ ਗਿਣਤੀ ਵਿਚ ਅਧਿਆਪਕ ਹੀ ਹਨ, ਜੋ ਐਸ.ਆਈ.ਆਰ. ਨੂੰ ਨੇਪਰੇ ਚੜ੍ਹਾਉਣ 'ਤੇ ਲਗਾਏ ਗਏ ਹਨ | ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ੋਰ ਦੇ ਕੇ ਕਿਹਾ ਕਿ ਅਧਿਆਪਕਾਂ ਹੀ ਨਹੀਂ ਸਗੋਂ ਦੂਜੇ ਵਿਭਾਗਾਂ ਵਿਚੋਂ ਵੀ ਮੁਲਾਜ਼ਮਾਂ ਨੂੰ ਡਿਊਟੀਆਂ 'ਤੇ ਤਾਇਨਾਤ ਕੀਤਾ ਜਾਵੇ ਤਾਂ ਜੋ ਸਕੂਲਾਂ ਵਿਚ ਪੜ੍ਹਾਈ ਦਾ ਕੰਮ ਪ੍ਰਭਾਵਿਤ ਨਾ ਹੋਵੇ |