ਖਲਵਾੜਾ, 18 ਮਈ (ਮਨਦੀਪ ਸਿੰਘ ਸੰਧੂ)-ਪਿੰਡ ਢੱਕ ਪੰਡੋਰੀ ਵਿਖੇ ਪੰਚਾਇਤ ਦੇ ਵਿਰੋਧ ਦੇ ਬਾਵਜੂਦ ਨਜਾਇਜ਼ ਕਾਲੋਨੀ ਕੱਟੀ ਜਾ ਰਹੀ ਹੈ ਅਤੇ ਐਸ ਡੀ ਐਮ ਫਗਵਾੜਾ ਨੂੰ 2 ਮਹੀਨੇ ਤੋਂ ਸ਼ਿਕਾਇਤ ਦਿੱਤੀ ਹੋਣ ਦੇ ਬਾਵਜੂਦ ਵੀ ਹੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਗ੍ਰਾਮ ਪੰਚਾਇਤ ਪਿੰਡ ਢੱਕ ਪੰਡੋਰੀ ਤਹਿ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਸਰਪੰਚ ਵਿਜੇ ਪੰਡੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਪਿੰਡ ਵਿਚ ਦੱਖਣ ਸਾਈਡ ਤੇ ਫ਼ਤਿਹਗੜ੍ਹ ਰੋੜ ਤੇ ਲੁਧਿਆਣੇ ਦੇ ਰਹਿਣ ਵਾਲੇ ਕਿਸੇ ਡੀਲਰ ਵੱਲੋਂ ਮੁੱਲ ਜ਼ਮੀਨ ਲੈ ਕੇ ਉਸ ਦੀ ਕਾਲੋਨੀ ਕੱਟ ਕੇ ਵੇਚੀ ਜਾ ਰਹੀ ਹੈ ਜਿਸ ਦੀ ਮਿਣਤੀ 225 ਫੁੱਟ ਮਰਲਾ ਹੈ ਜਦ ਕਿ ਸਾਡੇ ਪਿੰਡ ਦੀ ਮਿਣਤੀ 272 ਫੁੱਟ ਮਰਲੇ ਵਾਲੀ ਚੱਲਦੀ ਹੈ ਅਤੇ ਪਲਾਟ ਕੱਟਣ ਵਾਲੀ ਜ਼ਮੀਨ ਤੇ ਨਾ ਤਾਂ ਸੀਵਰੇਜ ਦਾ ਪ੍ਰਬੰਧ ਹੈ ਨਾ ਹੀ ਲਾਈਟਾਂ ਅਤੇ ਨਾ ਹੀ ਪੱਕੀ ਸੜਕ ਦੀ ਸੁਵਿਧਾ ਹੈ | ਜੇਕਰ ਇਹ ਸਾਰੀਆਂ ਸਹੂਲਤਾਂ ਡੀਲਰ ਪਲਾਟ ਖ਼ਰੀਦਣ ਵਾਲਿਆਂ ਨੂੰ ਨਹੀਂ ਦਿੰਦਾ ਤਾਂ ਉਸ ਦੇ ਪਲਾਟ ਵੇਚਣ ਤੇ ਪਾਬੰਦੀ ਲਗਾਈ ਜਾਵੇ | ਜੇਕਰ ਡੀਲਰ ਦੇ ਪਲਾਟ ਵੇਚਣ ਤੇ ਪਾਬੰਦੀ ਨਾ ਲਗਾਈ ਗਈ ਤਾਂ ਕੁੱਝ ਸਮੇਂ ਬਾਅਦ ਪਲਾਟ ਖ਼ਰੀਦਣ ਵਾਲਿਆਂ ਵੱਲੋਂ ਪੰਚਾਇਤ ਤੇ ਸੜਕ, ਸੀਵਰੇਜ, ਪਾਣੀ ਅਤੇ ਲਾਈਟਾਂ ਲਗਵਾ ਕੇ ਦੇਣ ਲਈ ਮੰਗ ਰੱਖੀ ਜਾਵੇਗੀ ਜਿਸ ਤੇ ਸਰਕਾਰ ਦਾ 20 ਲੱਖ ਦੇ ਕਰੀਬ ਖਰਚਾ ਆ ਜਾਵੇਗਾ ਜੋ ਕੇ ਨਜਾਇਜ਼ ਹੋਵੇਗਾ | ਉਨ੍ਹਾਂ ਕਿਹਾ ਕਿ ਨਜਾਇਜ਼ ਕਾਲੋਨੀ ਕੱਟਣ ਤੇ ਦੋ ਮਹੀਨੇ ਪਹਿਲਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਮਹਿਕਮੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸ ਸਬੰਧੀ ਐਸ ਡੀ ਐਮ ਦਫ਼ਤਰ ਵਿਖੇ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤ ਸਬੰਧਿਤ ਮਹਿਕਮੇ ਨੂੰ ਕਾਰਵਾਈ ਹਿਤ ਅੱਗੇ ਭੇਜ ਦਿੱਤੀ ਗਈ ਹੈ |