ਡਡਵਿੰਡੀ, 18 ਮਈ (ਦਿਲਬਾਗ ਸਿੰਘ ਝੰਡ)-ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਅੱਜ ਤਾਸ਼ਪੁਰ ਮੋੜ ਵਿਖੇ ਰਸੋਈ ਗੈਸ, ਡੀਜ਼ਲ ਅਤੇ ਪੈਟਰੋਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਯੂਨੀਅਨ ਆਗੂਆਂ ਅਤੇ ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਹਿੰਗਾਈ 'ਤੇ ਤੁਰੰਤ ਕਾਬੂ ਪਾਉਣ ਦੀ ਮੰਗ ਕੀਤੀ | ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਹਰਬੰਸ ਮੱਟੂ ਨੇ ਕਿਹਾ ਕਿ ਰਸੋਈ ਗੈਸ ਸਿਲੰਡਰ, ਡੀਜ਼ਲ ਅਤੇ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਨੇ ਆਮ ਲੋਕਾਂ, ਖ਼ਾਸ ਕਰ ਕੇ ਮਜ਼ਦੂਰ ਵਰਗ ਦਾ ਜੀਵਨ ਬਹੁਤ ਮੁਸ਼ਕਿਲ ਬਣਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਮਜ਼ਦੂਰਾਂ ਦੀ ਆਮਦਨ ਵਿਚ ਕੋਈ ਵਾਧਾ ਨਹੀਂ ਹੋ ਰਿਹਾ, ਜਦਕਿ ਦੂਜੇ ਪਾਸੇ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਮਹਿੰਗਾਈ ਚਰਮ ਸੀਮਾ 'ਤੇ ਪਹੁੰਚ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਮਹਿੰਗੇ ਹੋਣ ਕਾਰਨ ਆਵਾਜਾਈ ਦੇ ਖ਼ਰਚੇ ਵਧ ਗਏ ਹਨ, ਜਿਸ ਨਾਲ ਹਰ ਚੀਜ਼ ਦੀ ਕੀਮਤ 'ਤੇ ਅਸਰ ਪੈ ਰਿਹਾ ਹੈ | ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਨੇ ਗਰੀਬ ਅਤੇ ਮੱਧ ਵਰਗ ਦੇ ਘਰਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ | ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਰਸੋਈ ਗੈਸ, ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਤੁਰੰਤ ਕਟੌਤੀ ਕੀਤੀ ਜਾਵੇ ਅਤੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿੱਤੀ ਜਾਵੇ | ਇਸ ਮੌਕੇ ਬਲਕਾਰ ਸਿੰਘ ਮੋਤੀਪੁਰ, ਸਰਬਣ ਸਿੰਘ, ਓਮ ਪ੍ਰਕਾਸ਼ ਲਾਟੀਆਂ ਵਾਲ ਅਤੇ ਰਣਜੀਤ ਸਿੰਘ ਰਾਣਾ ਨੇ ਸੰਬੋਧਨ ਕੀਤਾ | ਇਸ ਮੌਕੇ ਨਛੱਤਰ ਸਿੰਘ, ਰੇਸ਼ਮ ਸਿੰਘ, ਬਾਬਾ ਮਕਾਬ ਵਾਲਾ, ਬੂਟਾ ਸਿੰਘ, ਬਿੱਟੂ ਸਿੰਘ, ਨਿਰਮਲ ਸਿੰਘ, ਬਖ਼ਸ਼ੀਸ਼ ਸਿੰਘ, ਸੁਰਜੀਤ ਸਿੰਘ, ਸਾਬਕਾ ਸਰਪੰਚ, ਦਸਮੇਸ਼ ਸਿੰਘ ਸਿੱਧੂ, ਮਨਿੰਦਰ ਸਿੰਘ ਮਨੀ, ਪੂਰਨ ਸਿੰਘ ਅਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ |