ਕਪੂਰਥਲਾ, 19 ਮਈ (ਵਿ.ਪ੍ਰ.)-ਬਿ੍ਗੇਡੀਅਰ ਏ.ਕੇ. ਭਾਰਦਵਾਜ ਗਰੁੱਪ ਕਮਾਂਡਰ ਜਲੰਧਰ ਗਰੁੱਪ ਐਨ.ਸੀ.ਸੀ. ਨੇ ਸਾਲ 2025-26 ਦੇ ਸਾਲਾਨਾ ਪ੍ਰਸ਼ਾਸਨਿਕ ਨਿਰੀਖਣ ਲਈ ਅੱਜ ਸੈਨਿਕ ਸਕੂਲ ਕਪੂਰਥਲਾ ਦੀ ਨੰਬਰ 1 ਕੋਏ ਐਨ.ਸੀ.ਸੀ. ਅਤੇ 21 ਪੰਜਾਬ ਬਟਾਲੀਅਨ ਐਨ.ਸੀ.ਸੀ. ਕਪੂਰਥਲਾ ਦਾ ਦੌਰਾ ਕੀਤਾ | ਦੋਵਾਂ ਯੂਨਿਟਾਂ ਵਿਚ ਪੁੱਜਣ 'ਤੇ ਕੈਡਿਟਾਂ ਵਲੋਂ ਗਰੁੱਪ ਕਮਾਂਡਰ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ ਤੇ ਬਾਅਦ ਵਿਚ ਕੈਡਿਟ ਬੈਂਡ ਨੇ ਬੈਂਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਗਰੁੱਪ ਕਮਾਂਡਰ ਦਾ ਸਵਾਗਤ ਕੀਤਾ | ਇਸੇ ਦੌਰਾਨ ਹੀ ਆਫ਼ੀਸਰ ਕਮਾਂਡਰ ਤੇ ਕਮਾਂਡਿੰਗ ਅਫ਼ਸਰ ਨੇ ਬਿਗ੍ਰੇਡੀਅਰ ਏ.ਕੇ. ਭਾਰਦਵਾਜ ਨੂੰ ਸਿਖਲਾਈ ਸਾਲ 2025-26 ਦੌਰਾਨ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਤੇ ਸਾਲ 2026-27 ਦੌਰਾਨ ਸਿਖਲਾਈ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਬਿ੍ਗੇਡੀਅਰ ਭਾਰਦਵਾਜ ਨੇ ਕੈਡਿਟਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਤੇ ਉਨ੍ਹਾਂ ਨੂੰ ਅਨੁਸ਼ਾਸਨ, ਲੀਡਰਸ਼ਿਪ ਅਤੇ ਦੇਸ਼ ਸੇਵਾ ਦੀਆਂ ਭਾਵਨਾਵਾਂ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ | ਗਰੁੱਪ ਕਮਾਂਡਰ ਨੇ ਸਿਖਲਾਈ ਦੇ ਮਿਆਰ ਨੂੰ ਬਣਾਈ ਰੱਖਣ ਲਈ ਦੋਵਾਂ ਯੂਨਿਟਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੋਵਾਂ ਯੂਨਿਟਾਂ ਦੇ ਸਟਾਫ਼ ਤੇ ਕੈਡਿਟਾਂ ਦੀ ਤਾਰੀਫ਼ ਕੀਤੀ | ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਦਾ ਮੁੱਖ ਉਦੇਸ਼ ਮਿਆਰੀ ਸਿਖਲਾਈ ਦੇਣਾ ਹੈ, ਜੋ ਕੈਡਿਟਾਂ ਨੂੰ ਜ਼ਿੰਮੇਵਾਰ ਨਾਗਰਿਕ ਤੇ ਭਵਿੱਖ ਦੇ ਆਗੂ ਵਜੋਂ ਤਿਆਰ ਕਰਦੀ ਹੈ |