01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪੁਲਿਸ ਦਿਖਾਵੇ ਦੀ ਬਜਾਏ ਫਿਰੌਤੀ, ਚੋਰੀਆਂ ਤੇ ਦੜੇ ਸੱਟੇ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਦਮ ਚੁੱਕੇ- ਰਾਣਾ ਗੁਰਜੀਤ ਸਿੰਘ

ਅਜੀਤ ਡੈਸਕ 04-06-2026
ਕਪੂਰਥਲਾ, 3 ਜੂਨ (ਵਿਸ਼ੇਸ਼ ਪ੍ਰਤੀਨਿਧ)-ਪੁਲਿਸ ਨੂੰ ਦਿਖਾਵਾ ਕਰਨ ਦੀ ਬਜਾਏ ਕਾਰੋਬਾਰੀ ਲੋਕਾਂ ਕੋਲੋਂ ਮੰਗੀਆਂ ਜਾ ਰਹੀਆਂ ਫਿਰੌਤੀਆਂ, ਚੋਰੀ ਦੀਆਂ ਘਟਨਾਵਾਂ ਤੇ ਦੜੇ ਸੱਟੇ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ | ਇਹ ਗੱਲ ਰਾਣਾ ਗੁਰਜੀਤ ਸਿੰਘ ਕਾਂਗਰਸ ਵਿਧਾਇਕ ਹਲਕਾ ਕਪੂਰਥਲਾ ਨੇ ਅੱਜ ਏਕਤਾ ਭਵਨ ਵਿਚ ਪੱਤਕਰਾਰਾਂ ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿਚ ਦੜੇ ਸੱਟੇ ਤੇ ਨਸ਼ਿਆਂ ਦਾ ਮੁੱਖ ਮੁੱਦਾ ਰਿਹਾ ਹੈ ਤੇ ਉਨ੍ਹਾਂ ਇਹ ਮਾਮਲਾ ਐਸ.ਐਸ.ਪੀ. ਕਪੂਰਥਲਾ ਦੇ ਧਿਆਨ ਵਿਚ ਲਿਆਂਦਾ ਤੇ ਮੰਗ ਕੀਤੀ ਕਿ ਦੜੇ ਸੱਟੇ ਦੇ ਕਾਰੋਬਾਰ ਵਿਚ ਲੱਗੇ ਵਿਅਕਤੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮੋਟਰਸਾਈਕਲ, ਸਕੂਟਰ ਤੇ ਹੋਰ ਵਹੀਕਲ ਚੋਰੀ ਕਰਨ ਦੇ ਮਾਮਲਿਆਂ ਵਿਚ ਐਫ.ਆਈ.ਆਰ. ਦਰਜ ਕਰਨ ਤੋਂ ਆਨਾਕਾਨੀ ਕੀਤੀ ਜਾਂਦੀ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਆਪਣੀਆਂ ਗੱਡੀਆਂ ਦਾ ਕਲੇਮ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ | ਉਨ੍ਹਾਂ ਪੁਲਿਸ ਨੂੰ ਜ਼ੋਰ ਦੇ ਕੇ ਕਿਹਾ ਕਿ ਮੋਟਰਸਾਈਕਲ ਤੇ ਹੋਰ ਵਹੀਕਲ ਚੋਰੀ ਦੇ ਮਾਮਲਿਆਂ ਵਿਚ ਤੁਰੰਤ ਰਿਪੋਰਟ ਦਰਜ ਕੀਤੀ ਜਾਵੇ ਤਾਂ ਜੋ ਪ੍ਰਭਾਵਿਤ ਲੋਕਾਂ ਦੇ ਨੁਕਸਾਨ ਦੀ ਪੂਰਤੀ ਹੋ ਸਕੇ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਬਲਾਕ ਸੰਮਤੀ ਚੋਣਾਂ ਵਿਚ ਪਿੰਡ ਲੱਖਣ ਕਲਾਂ ਵਿਚ ਇਕ ਉਮੀਦਵਾਰ ਦੇ ਵਿਰੋਧ ਵਿਚ ਚੋਣ ਲੜਨ ਵਾਲੇ ਵਿਅਕਤੀ ਦੇ ਘਰ ‘ਤੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰ ਲਿਆ, ਪ੍ਰੰਤੂ ਇਸ ਮਾਮਲੇ ਵਿਚ ਕਿਸੇ ਵੀ ਵਿਅਕਤੀ ਵਿਰੁੱਧ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ ਤੇ ਜਿਹੜੇ ਪਰਿਵਾਰ ‘ਤੇ ਹਮਲਾ ਹੋਇਆ | ਉਨ੍ਹਾਂ ਨੂੰ ਅਜੇ ਤੱਕ ਆਤਮ ਰੱਖਿਆ ਲਈ ਹਥਿਆਰ ਦਾ ਲਾਇਸੈਂਸ ਨਹੀਂ ਦਿੱਤਾ ਗਿਆ | ਇਸੇ ਤਰ੍ਹਾਂ ਨਗਰ ਨਿਗਮ ਦੀ ਚੋਣ ਵਿਚ ਅਜੀਤ ਨਗਰ ਵਿਚ ਕੁੱਝ ਵਿਅਕਤੀਆਂ ਵਲੋਂ ਕੀਤੀ ਗਈ ਕਥਿਤ ਗੁੰਡਾਗਰਦੀ ਦੇ ਮਾਮਲੇ ‘ਤੇ ਵੀ ਕੋਈ ਸੰਤੁਸ਼ਟੀ ਜਨਕ ਕਾਰਵਾਈ ਨਹੀਂ ਹੋਈ | ਉਨ੍ਹਾਂ ਢਿਲਵਾਂ ਵਿਚ ਕੁੱਝ ਮਹੀਨੇ ਪਹਿਲਾਂ ਪੰਚਾਇਤ ਸੰਮਤੀ ਢਿਲਵਾਂ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਮੌਕੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਦੀ ਮੌਜੂਦਗੀ ਵਿਚ ਇਕ ਵਿਅਕਤੀ ਵਲੋਂ ਵੱਡੀ ਗਿਣਤੀ ਵਿਚ ਤਾਇਨਾਤ ਪੁਲਿਸ ਦੀ ਮੌਜੂਦਗੀ ਵਿਚ ਗੋਲੀ ਚਲਾਈ ਗਈ | ਉਨ੍ਹਾਂ ਕਿਹਾ ਕਿ ਗੋਲੀ ਚਲਾਉਣ ਵਾਲੇ ਦਾ ਨਾਂਅ ਦੱਸਣ ਦੇ ਬਾਵਜੂਦ ਵੀ ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਸ਼ਹਿਰ ਵਿਚ ਫਿਰੌਤੀ ਤੇ ਦੜੇ ਸੱਟੇ ਦਾ ਮਾਮਲਾ ਵੀ ਐਸ.ਐਸ.ਪੀ. ਕਪੂਰਥਲਾ ਦੇ ਧਿਆਨ ਵਿਚ ਲਿਆਂਦਾ ਤੇ ਮੰਗ ਕੀਤੀ ਕਿ ਸਬੰਧਿਤ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਹੋਣ ਦੇ ਬਾਵਜੂਦ ਵੀ ਪੁਲਿਸ ਸਬੰਧਿਤ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਤੋਂ ਟਾਲਾ ਵੱਟ ਰਹੀ ਹੈ | ਉਨ੍ਹਾਂ ਅਜਿਹੇ ਮਾਮਲਿਆਂ ਵਿਚ ਪੁਲਿਸ ‘ਤੇ ਕਥਿਤ ਤੌਰ ‘ਤੇ ਮਿਲੀ ਭੁਗਤ ਦਾ ਦੋਸ਼ ਲਗਾਇਆ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਢੇ 4 ਸਾਲ ਦੇ ਰਾਜ ਦੌਰਾਨ ਹਾਲਾਤ ਦਿਨ ਬ ਦਿਨ ਬਦਤਰ ਹੋ ਰਹੇ ਹਨ ਤੇ ਲੋਕ ਦਹਿਸ਼ਤ ਦੇ ਸਾਏ ਹੇਠ ਜੀ ਰਹੇ ਹਨ, ਪਰ ਸਰਕਾਰ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਵਿਚ ਨਾਕਾਮ ਰਹੀ ਹੈ | ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਸੀਨੀਅਰ ਕੌਂਸਲਰ ਠਾਕਰ ਦਾਸ ਗਿੱਲ ਤੇ ਨਗਰ ਨਿਗਮ ਦੇ ਨਵੇਂ ਚੁਣੇ ਕੌਂਸਲਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
ਪਿਛਲੀ ਖ਼ਬਰ ਨੌਜਵਾਨ ਦੀ ਕੁੱਟਮਾਰ ਕਰਨ ਸੰਬੰਧੀ ਦੋ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਨੋਟੀਫਿਕੇਸ਼ਨ ਤੋਂ ਬਾਅਦ ਮੇਅਰ ਦੀ ਚੋਣ ਸਬੰਧੀ ਲਿਆ ਜਾਵੇਗਾ ਫੈਸਲਾ- ਰਾਣਾ ਗੁਰਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।