ਕਪੂਰਥਲਾ, 3 ਜੂਨ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਦੇ ਮੇਅਰ ਦੀ ਚੋਣ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਤੋਂ ਬਾਅਦ ਨਗਰ ਕੌਂਸਲਰਾਂ ਨਾਲ ਸਲਾਹ ਮਸ਼ਵਰੇ ਉਪਰੰਤ ਕੀਤੀ ਜਾਵੇਗੀ | ਇਹ ਗੱਲ ਰਾਣਾ ਗੁਰਜੀਤ ਸਿੰਘ ਕਾਂਗਰਸ ਵਿਧਾਇਕ ਹਲਕਾ ਕਪੂਰਥਲਾ ਨੇ ਪੱਤਰਕਾਰਾਂ ਵਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਦਿੱਤੀ | ਉਨ੍ਹਾਂ ਕਿਹਾ ਕਿ ਪਿਛਲੀ ਵਾਰ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਵਿਚ ਸਾਰੇ ਕੌਂਸਲਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਫ਼ੈਸਲਾ ਲਿਆ ਗਿਆ ਸੀ ਤੇ ਚੋਣ ਮੌਕੇ ਹਰੇਕ ਵਰਗ ਨਾਲ ਸਬੰਧਿਤ ਕੌਂਸਲਰਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਨੁਮਾਇੰਦਗੀ ਦਿੱਤੀ ਗਈ ਸੀ ਤੇ ਇਸ ਵਾਰ ਵੀ ਮੇਅਰ ਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਮੌਕੇ ਨਗਰ ਨਿਗਮ ਦੇ 50 ਵਾਰਡਾਂ ਵਿਚੋਂ ਜੇਤੂ 32 ਕੌਂਸਲਰ ਉਨ੍ਹਾਂ ਦੇ ਨਾਲ ਹਨ ਤੇ ਅਗਲੇ ਦਿਨਾਂ ਵਿਚ ਕੁੱਝ ਹੋਰ ਕੌਂਸਲਰਾਂ ਦੇ ਵੀ ਕਾਂਗਰਸ ਵਿਚ ਸ਼ਾਮਲ ਹੋਣ ਦੇ ਆਸਾਰ ਹਨ |