ਬਲਾਚੌਰ, 3 ਜੂਨ (ਦੀਦਾਰ ਸਿੰਘ ਬਲਾਚੌਰੀਆ)-ਭਾਰਤ ਵਿਕਾਸ ਪ੍ਰੀਸ਼ਦ ਇਕਾਈ ਬਲਾਚੌਰ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਰਾਣਾ ਰਣਦੀਪ ਸਿੰਘ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਜਿੱਥੇ ਭਵਿੱਖ ‘ਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧ ਵਿਚਾਰ-ਵਟਾਂਦਰਾ ਕੀਤਾ ਗਿਆ। ਉਥੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਹਰਾ-ਭਰਾ ਬਣਾਉਣ ਦੇ ਮੰਤਵ ਨਾਲ 6 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਰਾਣਾ ਰਣਦੀਪ ਸਿੰਘ ਕੌਸ਼ਲ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਨੇ ਦੱਸਿਆ ਕਿ 6 ਜੂਨ ਨੂੰ ਸ਼ਾਮ ਚਾਰ ਵਜੇ ਬਲਾਚੌਰ ਦੇ ਰੋਪੜ ਰੋਡ ਸਥਿਤ ਸ਼੍ਰੀ ਰਾਮ ਮੰਦਰ ਵਿਖੇ ਮਹੰਤ ਗੁਰੂ ਕਿਰਪਾ ਦਾਸ ਦੀ ਸਰਪ੍ਰਸਤੀ ਹੇਠ ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰ ਤੇ ਮੈਂਬਰ ਵਿਸ਼ਵ ਵਾਤਾਵਰਣ ਦਿਵਸ ਮੌਕੇ ਤੁਲਸੀ ਦੇ ਬੂਟੇ ਵੰਡੇ ਜਾਣਗੇ। ਪ੍ਰਧਾਨ ਰਾਣਾ ਰਣਦੀਪ ਸਿੰਘ ਕੌਸ਼ਲ ਨੇ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦਾ ਕਾਰਜ ਵਾਤਾਵਰਣ ਪ੍ਰੇਮੀ ਵਿਜੇ ਰਾਣਾ ਅਤੇ ਰਾਣਾ ਲਲਿਤ ਕੁਮਾਰ ਕਰਨਗੇ। ਇਸ ਮੌਕੇ ਵੱਖ-ਵੱਖ ਬੁਲਾਰੇ ਵਾਤਾਵਰਣ ਨੂੰ ਪ੍ਰਦੂਸ਼ਣ ਅਤੇ ਪਲਾਸਟਿਕ ਮੁਕਤ ਅਤੇ ਹਰਾ-ਭਰਾ ਬਣਾਉਣ ਲਈ ਕੀਮਤੀ ਸੁਝਾਅ ਦੇਣਗੇ। ਇਸ ਤੋਂ ਇਲਾਵਾ ਆਉਣ ਵਾਲੇ ਮਹੀਨਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਬੂਟੇ ਲਗਾਉਣ ਦੇ ਪ੍ਰੋਗਰਾਮ ਬਣਾਉਣਗੇ। ਇਹ ਜਾਣਕਾਰੀ ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਦੇ ਸੈਕਟਰੀ ਸੁਨੀਲ ਸ਼ਰਮਾਂ ਨੇ ਦਿੱਤੀ। ਉਨ੍ਹਾਂ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਮ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਦੀ ਸਿਰਜਣਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕਰਨ ਅਤੇ ਪ੍ਰੀਸ਼ਦ ਦਾ ਹਿੱਸਾ ਬਣਨ।