ਫਗਵਾੜਾ, 4 ਜੂਨ (ਹਰਜੋਤ ਸਿੰਘ ਚਾਨਾ)-ਰਾਮਗੜ੍ਹੀਆ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀ ਨੇ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਨਾਮ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਪਿ੍ੰ. ਰੁਪਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਟੇਟ ਬੋਰਡ ਪ੍ਰੀਖਿਆਵਾਂ 'ਚ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਜਸਕਰਨ ਮਹੇ ਨੇ ਪੰਜਾਬ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮਕੈਨੀਕਲ ਇੰਜੀਨੀਅਰਿੰਗ ਤੇ ਇਲੈੱਕਟਰੋਨਿਕਸ ਐਂਡ ਸੰਚਾਰ ਇੰਜੀਨੀਅਰਿੰਗ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੀ ਸਫਲਤਾ ਪ੍ਰਾਪਤ ਕਰਦਿਆਂ ਪੰਜਾਬ ਵਿਚ ਕ੍ਰਮਵਾਰ 7ਵਾਂ ਅਤੇ 17ਵਾਂ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਸ਼ਾਨਦਾਰ ਪ੍ਰੀਖਿਆ ਨਤੀਜਿਆਂ ਤੋਂ ਇਲਾਵਾ ਕਾਲਜ ਨੇ ਕੈਂਪਸ ਪਲੇਸਮੈਂਟ ਦੇ ਖੇਤਰ ਵਿਚ ਵੀ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ | ਕਾਲਜ ਕੈਂਪਸ ਵਿਚ ਆਯੋਜਿਤ ਪਲੇਸਮੈਂਟ ਡਰਾਈਵ 'ਚ ਕੈਸਟੇਕ ਆਟੋ, ਟੈੱਕ ਮਹਿੰਦਰਾ, ਡੇਵਿਨਟੈਕ ਇਲੈੱਕਟ੍ਰੀਕਲਜ਼, ਜੀ.ਐਨ.ਏ. ਮੇਹਟੀਆਣਾ, ਸੁਕਿ੍ਤ ਇੰਡਸਟਰੀਜ਼ ਅਤੇ ਕਈ ਹੋਰ ਨਾਮਵਰ ਕੰਪਨੀਆਂ ਨੇ ਹਿੱਸਾ ਲਿਆ | ਨਤੀਜੇ ਵਜੋਂ 80 ਪ੍ਰਤੀਸ਼ਤ ਤੋਂ ਵੱਧ ਯੋਗ ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਪ੍ਰਾਪਤ ਹੋਈ | ਉਨ੍ਹਾਂ ਨੇ ਕਾਲਜ ਦੇ ਫੈਕਲਟੀ ਤੇ ਸਟਾਫ਼ ਮੈਂਬਰਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ | ਇਸ ਪ੍ਰਾਪਤੀ 'ਤੇ ਰਾਮਗੜ੍ਹੀਆਂ ਐਜੂਕੇਸ਼ਨ ਕੌਂਸਲ ਦੀ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਨੇ ਵਧਾਈ ਦਿੱਤੀ |